ਮਿਹਰ ਸਿੰਘ
ਕੁਰਾਲੀ, 20 ਦਸੰਬਰ
ਬੇਸਹਾਰਾ,ਗੁੰਮਸ਼ੁਦਾ,ਅਨਾਥ ਲਾਵਾਰਿਸ ਮਾਨਸਿਕ ਤੇ ਸਰੀਰਕ ਰੋਗੀ ਨਾਗਰਿਕਾਂ ਦੀ ਸੇਵਾ ਸੰਭਾਲ ਕਰ ਰਹੀ ਸੰਸਥਾ ਪ੍ਰਭ ਆਸਰਾ ਨੂੰ ਪਾਵਰਕੌਮ ਵਲੋਂ ਸੰਸਥਾ ਦੀ ਬਿਜਲੀ ਸਪਲਾਈ ਕੱਟਣ ਸਬੰਧੀ ਨੋਟਿਸ ਭੇਜਿਆ ਗਿਆ ਹੈ। ਸੰਸਥਾ ਦੇ ਪ੍ਰਬੰਧਕਾਂ ਨੇ ਸੋਲਰ ਸਿਸਟਮ ਲੱਗਿਆ ਹੋਣ ਦੇ ਬਾਜਵੂਦ ਭੇਜੇ ਜਾ ਰਹੇ ਲੱਖਾਂ ਦੇ ਬਿਜਲੀ ਦੇ ਬਿਲਾਂ ਨੂੰ ਲੈ ਕੇ ਕਾਰਵਾਈ ਕਰਨ ਅਤੇ ਸਰਕਾਰ ਤੋਂ ਬਿਲ ਮੁਆਫ਼ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਭ ਆਸਰਾ ਦੇ ਮੁੱਖ ਪ੍ਰਬੰਧਕ ਸ਼ਮਸ਼ੇਰ ਸਿੰਘ ਪਡਿਆਲਾ, ਰਜਿੰਦਰ ਕੌਰ ਪਡਿਆਲਾ ਅਤੇ ਹੋਰਨਾਂ ਨੇ ਦੱਸਿਆ ਕਿ ਸੰਸਥਾ ਵਲੋਂ ਜੂਨ 2018 ਵਿੱਚ ਕਰੀਬ 39 ਲੱਖ ਰੁਪਏ ਖਰਚ ਕਰਕੇ 75 ਕਿਲੋਵਾਟ ਸਮਰੱਥਾ ਵਾਲਾ ਸੋਲਰ ਇਲੈਕਟਰੀਕਲ ਪਾਵਰ ਪਲਾਂਟ ਲਗਾਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਬਿਜਲੀ ਖਪਤ ਕਾਰਨ ਬਿਜਲੀ ਦੇ ਬਿਲਾਂ ਵਿੱਚ ਰਾਹਤ ਨੂੰ ਮੁੱਖ ਰੱਖ ਕੇ ਲਗਾਏ ਇਸ ਪ੍ਰੋਜੈਕਟ ਦੇ ਬਾਵਜੂਦ ਉਨ੍ਹਾ ਨੂੰ ਲੱਖਾਂ ਦਾ ਬਿਲ ਪਾਵਰਕੌਮ ਵਲੋਂ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਬੇਸਹਾਰਾ ਨਾਗਰਿਕਾਂ ਦੀ ਸੇਵਾ ਸੰਭਾਲ ਕਰਕੇ ਸਰਕਾਰ ਦੀ ਸੰਵਿਧਾਨਕ ਤੇ ਨੈਤਿਕ ਜਿੰਮੇਵਾਰੀ ਨਿਭਾਈ ਜਾ ਰਹੀ ਹੈ ਜਦਕਿ ਸਰਕਾਰੀ ਅਦਾਰੇ ਸੰਸਥਾ ਨੂੰ ਹੀ ਨੋਟਿਸ ਭੇਜ ਕੇ ਪ੍ਰੇਸ਼ਾਨ ਕਰਨ ਵਿੱਚ ਲੱਗੇ ਹੋਏ ਹਨ। ਸੰਪਰਕ ਕਰਨ ‘ਤੇ ਪਾਵਰਕੌਮ ਦੇ ਸਥਾਨਕ ਉੱਪ ਮੰਡਲ ਦੇ ਸਹਾਇਕ ਕਾਰਜਕਾਰੀ ਇੰਜਨੀਅਰ ਰਣਧੀਰ ਸਿੰਘ ਨੇ ਦੱਸਿਆ ਕਿ ਪ੍ਰਭ ਆਸਰਾ ਸੰਸਥਾ ਵਲੋਂ ਲਗਾਏ ਸੋਲਰ ਪ੍ਰੋਜੈਕਟ ਦੀ ਪੈਦਾਵਰ ਦੀ ਕਟੌਤੀ ਕਰਨ ਉਪਰੰਤ ਹੀ ਬਿਲ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਅਰਸੇ ਦਾ ਕਰੀਬ 20 ਲੱਖ ਦਾ ਬਿਲ ਸੰਸਥਾ ਵੱਲ ਬਕਾਇਆ ਹੈ। ਉਨ੍ਹਾਂ ਕਿ ਬਿਲ ਦੀ ਅਦਾਇਗੀ ਨਾ ਕਰਨ ਕਾਰਨ ਹੀ ਹੁਣ ਉਨ੍ਹਾਂ ਵਲੋਂ ਵਿਭਾਗੀ ਨੇਮਾਂ ਅਨੁਸਾਰ ਨੋਟਿਸ ਜਾਰੀ ਕੀਤਾ ਗਿਆ ਹੈ।