ਸੂਚਨਾ ਤਕਨਾਲੋਜੀ ਦੀ ਵਰਤੋਂ
7 ਅਪਰੈਲ ਨੂੰ ਲੇਖ ‘ਸੂਚਨਾ ਤਕਨਾਲੋਜੀ ਦੀ ਸੁਚੱਜੀ ਵਰਤੋਂ’ ਵਿਚ ਡਾ. ਰਣਜੀਤ ਸਿੰਘ ਨੇ ਸਹੀ ਨੁਕਤਾ ਉਠਾਇਆ ਹੈ ਕਿ ਆਧੁਨਿਕ ਸੰਚਾਰ ਸਾਧਨਾਂ ਦੀ ਦੁਰਵਰਤੋਂ ਜ਼ਿਆਦਾ ਹੋ ਰਹੀ ਹੈ ਅਤੇ ਸਭਿਆਚਾਰ ਦੇ ਘਾਣ ਵਿਚ ਵਾਧਾ ਹੋ ਰਿਹਾ ਹੈ। ਜੇ ਮੋਬਾਈਲ, ਵੱਟਸਐਪ ਅਤੇ ਸੋਸ਼ਲ ਮੀਡੀਆ ਦੇ ਨਾਂਹ-ਪੱਖੀ ਰੋਲ ਨੂੰ ਕਾਬੂ ਕਰਨ ਲਈ ਕੁਝ ਪ੍ਰਭਾਵੀ ਨਿਯਮ ਬਣ ਜਾਣ ਅਤੇ ਸਰਕਾਰਾਂ ਇਸ ਨੂੰ ਸੈਂਸਰ ਦੀ ਹੱਦ ਤਕ ਨਾ ਲਿਜਾਣ ਤਾਂ ਸਾਰਥਕ ਸਿੱਟੇ ਨਿਕਲਣੇ ਸੰਭਵ ਹਨ। ਇਹ ਸਾਰੇ ਮਾਧਿਅਮ ਲੋਕ ਚੇਤਨਾ ਨਾਲ ਗਹਿਰੇ ਜੁੜ ਗਏ ਹਨ। ਕੁਝ ਲੋਕਾਂ ਦਾ ਸਹਿਯੋਗ ਅਤੇ ਕੁਝ ਗ਼ਲਤ ਵਰਤੋਂ ਨੂੰ ਰੋਕਣ ਲਈ ਪ੍ਰਬੰਧਕੀ ਕਦਮ ਮਿਲ ਕੇ ਹਾਂ-ਪੱਖੀ ਨਤੀਜੇ ਦੇ ਸਕਦੇ ਹਨ।
ਕੇਵਲ ਸਿੰਘ ਰੱਤੜਾ, ਕਪੂਰਥਲਾ
ਅੰਕੜਿਆਂ ਦਾ ਵਿਰੋਧਾਭਾਸ
7 ਅਪਰੈਲ ਦੀ ਸੰਪਾਦਕੀ ‘ਵੱਡਾ ਵਿਰੋਧਾਭਾਸ’ ਸਮੇਂ ਦੇ ਸੰਦਰਭ ਵਿਚ ਅਤਿਅੰਤ ਅਹਿਮ ਹੈ। ਅੰਕੜਿਆਂ ਦੀ ਪੇਸ਼ਕਾਰੀ ਵਿਚੋਂ ਵੀ ਰਾਜਨੀਤੀ ਦੀ ਦੁਰਗੰਧ ਆ ਰਹੀ ਹੈ। ਅੰਕੜਿਆਂ ਦੀ ਗ਼ਲਤ ਪੇਸ਼ਕਾਰੀ ਵੀ ਸੱਚ ’ਤੇ ਪਰਦਾ ਪਾਉਣ ਵਾਲੀ ਗੱਲ ਹੈ। ਜੇ ਇਕ ਦਿਨ ਭਾਰਤ ਵਿਚ 1 ਲੱਖ ਕਰੋਨਾ ਕੇਸ ਆਉਂਦੇ ਹਨ ਤੇ 50 ਫ਼ੀਸਦੀ ਇਕੱਲੇ ਇਕ ਸੂਬੇ ਮਹਾਰਾਸ਼ਟਰ ਦੇ ਹੋਣ ਤਾਂ ਉਨ੍ਹਾਂ ਨਾਲ ਸੱਤ ਹੋਰ ਰਾਜਾਂ ਦੇ ਅੰਕੜੇ ਜੋੜ ਕੇ ਇਸ ਨੂੰ 84 ਫ਼ੀਸਦੀ ਤਕ ਦਿਖਾਉਣਾ ਸਥਿਤੀ ਨੂੰ ਧੁੰਦਲਾ ਕਰਨ ਦੇ ਬਰਾਬਰ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਸਵੇਜ਼ ਨਹਿਰ
7 ਅਪਰੈਲ ਦੇ ਆਨਲਾਈਨ ਅੰਕ ‘ਪੰਜਾਬੀ ਪੈੜਾਂ’ ਵਿਚ ਹਰਜੀਤ ਅਟਵਾਲ ਦਾ ਲੇਖ ‘ਨਹਿਰ ਸਵੇਜ਼ ਵੇਖਣ ਦਾ ਸੁਫਨਾ’ ਇਸ ਨਹਿਰ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਦੇਣ ਵਾਲਾ ਲੇਖ ਹੈ। ਇਸ ਨੂੰ ਦੇਖਣ ਦਾ ਮੇਰਾ ਵੀ ਸੁਪਨਾ ਹੈ। ਮੇਰੇ ਪਿੰਡ ਕੋਲੋਂ ਵੀ ਦੋ ਨਹਿਰਾਂ ਵਗਦੀਆਂ ਹਨ, ਪਰ ਸਵੇਜ਼ ਦਾ ਤਾਂ ਕਹਿਣਾ ਹੀ ਕੀ, ਜੋ ਕਈ ਮਹਾਂਦੀਪਾਂ ਤੇ ਸਾਗਰਾਂ ਨੂੰ ਆਪਸ ਵਿਚ ਜੋੜਦੀ ਹੈ। ਇਸੇ ਅੰਕ ਵਿਚ ਡਾ. ਗੁਰਬਖਸ਼ ਸਿੰਘ ਭੰਡਾਲ ਦਾ ਲੇਖ ‘ਕਿਸਾਨਾਂ ਵੱਲੋਂ ਜਾਗਣ ਦਾ ਹੋਕਾ’ ਵੀ ਕਾਬਲੇ-ਤਾਰੀਫ਼ ਹੈ। ਜੇ ਅੱਗੇ ਤੋਂ ਕਿਸਾਨ ਹਮੇਸ਼ਾ0 ਲਈ ਜਾਗ੍ਰਿਤ ਹੋ ਜਾਣ ਤਾਂ ਉਨ੍ਹਾਂ ਦੀ ਲੁੱਟ ਖਸੁੱਟ ਖ਼ੁਦ ਹੀ ਬੰਦ ਹੋ ਜਾਵੇਗੀ।
ਰਾਜਨਦੀਪ ਕੌਰ ਮਾਨ, ਈਮੇਲ
ਅੰਦੋਲਨ ਦੀ ਮਜ਼ਬੂਤੀ
6 ਅਪਰੈਲ ਨੂੰ ਸਵਰਾਜਬੀਰ ਦਾ ਖਿਆਲ-ਦਰ-ਖਿਆਲ ‘ਜ਼ਿੰਮੇਵਾਰੀ ਦੇ ਪੈਂਡੇ’ ਦੇਸ਼ ਵਿਚ ਚੱਲ ਰਹੇ ਕਿਸਾਨ ਅੰਦੋਲਨ ਜੋ ਕਿ ਹੁਣ ਜਨ ਅੰਦੋਲਨ ਦਾ ਰੂਪ ਧਾਰ ਚੁੱਕਿਆ ਹੈ ਅਤੇ ਇਸ ਅੰਦੋਲਨ ਨੂੰ ਬਹੁਤ ਸਾਰੇ ਵਰਗਾਂ ਤੋਂ ਮਿਲ ਰਹੀ ਹਮਾਇਤ ਅਤੇ ਕੇਂਦਰ ਸਰਕਾਰ ’ਤੇ ਪੈ ਰਹੇ ਦਬਾਅ ਵੱਲ ਇਸ਼ਾਰਾ ਕਰਦਾ ਹੈ। ਲੇਖਕ ਨੇ ਇਸ ਅੰਦੋਲਨ ਵਿਚ ਜਿੱਤ ਦੀਆਂ ਸੰਭਾਵਨਾਵਾਂ ਅਤੇ ਆਪਸੀ ਭਾਈਚਾਰੇ ਦੀ ਸਾਂਝ ਦਾ ਖੁੱਲ੍ਹ ਕੇ ਵਰਨਣ ਕੀਤਾ ਹੈ ਅਤੇ ਸਰਕਾਰ ਦੁਆਰਾ ਕੋਈ ਨਾ ਕੋਈ ਹੱਲ ਕੱਢਣ ਵੱਲ ਵੀ ਇਸ਼ਾਰਾ ਕੀਤਾ ਹੈ। ਕੋਈ ਸ਼ੱਕ ਨਹੀਂ ਕਿ ਏਕੇ ਵਿਚ ਤਰੇੜਾਂ ਪਾਉਣ ਦੀਆਂ ਹਰ ਪ੍ਰਕਾਰ ਦੀਆਂ ਚਾਲਾਂ ਦੇ ਬਾਵਜੂਦ ਇਸ ਅੰਦੋਲਨ ਦਾ ਇਸ ਤਰ੍ਹਾਂ ਖੜ੍ਹੇ ਰਹਿਣਾ ਸਾਡੀ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ।
ਯੋਗਰਾਜ ਭਾਗੀਬਾਂਦਰ, ਬਠਿੰਡਾ
ਜਿੱਤ ਦੇ ਨਿਸ਼ਾਨ
6 ਅਪਰੈਲ ਦਾ ਮਿਡਲ ‘ਹੱਕ ਸੱਚ ਦੇ ਪੁਜਾਰੀ’ (ਜਗਦੀਸ਼ ਕੌਰ ਮਾਨ) ਵਧੀਆ ਸੁਨੇਹਾ ਦੇ ਗਿਆ। ਸਰਪੰਚੀ ਵੋਟਾਂ ਵਿਚ ਡਿਊਟੀ ਸੱਚਮੁੱਚ ਹੀ ਚੁਣੌਤੀ ਭਰਪੂਰ ਹੁੰਦੀ ਹੈ। ਗਿਣਤੀ ਸਮੇਂ ਲੜਾਈ ਝਗੜੇ ਦਾ ਖੌਫ਼ ਬਣਿਆ ਰਹਿੰਦਾ ਹੈ। ਪਰ ਜਦੋਂ ਤਕ ਇਮਾਨਦਾਰੀ ਕਾਇਮ ਹੈ, ਹੱਕ ਸੱਚ ਦੀ ਹੀ ਜਿੱਤ ਹੁੰਦੀ ਰਹੇਗੀ।
ਮਨਦੀਪ ਕੌਰ, ਲੁਧਿਆਣਾ
ਬੇਜ਼ੁਬਾਨਾਂ ਦੀਆ ਬਾਤਾਂ
ਪ੍ਰੀਤਮਾ ਦੋਮੇਲ ਦਾ 2 ਅਪਰੈਲ ਦਾ ਲੇਖ ‘ਬੇਜ਼ਬਾਨ ਦੀਆਂ ਬਾਤਾਂ’ ਪੜ੍ਹਿਆ। ਪਸ਼ੂ ਪੰਛੀਆਂ ਦੇ ਅਹਿਸਾਸ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਖ਼ੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ ਹੈ। ਕੁਦਰਤ ਦੀ ਬੇਮਿਸਾਲ ਪੈਦਾਇਸ਼ ਪੰਛੀਆਂ ਤੇ ਜਾਨਵਰਾਂ ਦੇ ਅਹਿਸਾਸਾਂ ਅਤੇ ਆਦਮਜ਼ਾਤ ਦੇ ਇਖ਼ਲਾਕੀ ਵਲਵਲ਼ਿਆਂ ਵਿਚਲੀਆਂ ਗੱਲਾਂ ਬਹੁਤ ਨਾਜ਼ੁਕ ਹਨ। ਭਾਵੇਂ ਮਨੁੱਖ ਨੂੰ ਸਰਬਸ੍ਰੇਸ਼ਟ ਪ੍ਰਾਣੀ ਹੋਣ ਦਾ ਮਾਣ ਹਾਸਿਲ ਹੈ, ਪਰ ਜੋ ਸੁਹਿਰਦਤਾ ਤੇ ਅਪਣੱਤ ਇਨ੍ਹਾਂ ਬੇਜ਼ੁਬਾਨਾਂ ਵੱਲੋਂ ਪੇਸ਼ਕਸ਼ ਕੀਤੀ ਜਾਂਦੀ ਹੈ, ਉਸ ਦਾ ਕੋਈ ਸਾਨੀ ਨਹੀਂ।
ਦੀਪ ਰੰਗਰੇਜ਼, ਧੂਰੀ (ਸੰਗਰੂਰ)
(2)
ਮਿਡਲ ‘ਬੇਜ਼ਬਾਨਾਂ ਦੀਆਂ ਬਾਤਾਂ’ ਵਿਚ ਲੇਖਿਕਾ ਨੇ ਵਧੀਆ ਤਰੀਕੇ ਨਾਲ ਬੇਜ਼ਬਾਨ ਪੰਛੀਆਂ ਦੀ ਸਮਝ ਬਾਰੇ ਦੱਸਿਆ ਹੈ ਕਿ ਮਨੁੱਖਾਂ ਦੇ ਮੁਕਾਬਲੇ ਵਿਚ ਇਹ ਕਈ ਗੁਣਾਂ ਵੱਧ ਸਹਿਣਸ਼ੀਲ ਹੁੰਦੇ ਹਨ। ਇਹ ਬੇਸ਼ੱਕ ਬੋਲ ਕੇ ਨਹੀਂ ਦੱਸ ਸਕਦੇ ਪਰ ਇਸ਼ਾਰਿਆਂ ਰਾਹੀਂ ਸਾਨੂੰ ਬਹੁਤ ਕੁਝ ਸਮਝਣ ਲਈ ਕਹਿੰਦੇ ਹਨ।
ਲਖਵੀਰ ਸਿੰਘ, ਉਦੇਕਰਨ (ਸ੍ਰੀ ਮੁਕਤਸਰ ਸਾਹਿਬ)
ਅਵਾਰਾ ਕੁੱਤਿਆਂ ਦੀ ਸਮੱਸਿਆ
ਅਵਾਰਾ ਕੁੱਤਿਆਂ ਦੀ ਸਮੱਸਿਆ ਦਿਨੋ ਦਿਨ ਵਧਦੀ ਜਾ ਰਹੀ ਹੈ। ਇਨ੍ਹਾਂ ਦੇ ਕਹਿਰ ਕਾਰਨ ਕਿੰਨੇ ਹੀ ਬੱਚੇ ਤੇ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਤੇ ਇਹ ਹੋਰ ਪਤਾ ਨਹੀਂ ਕਿੰਨਾ ਕੁ ਕਹਿਰ ਢਾਹੁਣਗੇ। ਲੋੜ ਹੈ ਇਸ ਸਮੱਸਿਆ ਨੂੰ ਜਲਦ ਤੋਂ ਜਲਦੀ ਹੱਲ ਕਰਨ ਦੀ। ਸਰਕਾਰ ਨੂੰ ਅਵਾਰਾ ਕੁੱਤਿਆਂ ਦੀ ਵਧ ਰਹੀ ਤਾਦਾਦ ਲਈ ਜਲਦੀ ਹੀ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਲਵਨੀਤ ਵਸਿਸ਼ਠ, ਮੋਰਿੰਡਾ
ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ
ਪੰਜਾਬ ਸਰਕਾਰ ਨੇ ਕਰੋਨਾ ਕਾਰਨ ਪਹਿਲਾਂ 31 ਮਾਰਚ ਤੱਕ ਤੇ ਫਿਰ 10 ਅਪਰੈਲ ਤਕ ਪੰਜਾਬ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਬੰਦ ਕਰ ਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਫ਼ਿਕਰਾਂ ਵਿਚ ਪਾ ਦਿੱਤਾ ਹੈ ਕਿਉਂਕਿ ਬੜੀ ਦੇਰ ਤਾਂ ਵਿਦਿਅਕ ਸੰਸਥਾਵਾਂ ਮੁਸ਼ਕਿਲ ਨਾਲ ਖੁੱਲ੍ਹੀਆਂ ਸਨ। ਸਕੂਲ/ਕਾਲਜ ਬੰਦ ਰਹਿਣ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਪਰ ਸਰਕਾਰ ਨੇ ਇਸ ਬਾਰੇ ਕੋਈ ਧਿਆਨ ਨਹੀਂ ਦਿੱਤਾ ਕਿ ਪੜ੍ਹਾਈ ਦੇ ਹੋ ਰਹੇ ਨੁਕਸਾਨ ਦੀ ਭਰਪਾਈ ਕਿਵੇਂ ਹੋਵੇਗੀ। ਖ਼ਾਸ ਕਰ ਕੇ ਗ਼ਰੀਬ ਵਿਦਿਆਰਥੀਆਂ ਨੂੰ ਸਕੂਲਾਂ ਦੇ ਬੰਦ ਹੋਣ ਦਾ ਬਹੁਤ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਬਾਕੀ ਇਸ ਕਿੱਤੇ ਨਾਲ ਜੁੜੇ ਹੋਰ ਵਰਗਾਂ ਜਿਵੇਂ ਸਕੂਲ ਵੈਨਾਂ ਤੇ ਹੋਰ ਸਟਾਫ਼ ਨੂੰ ਵੀ ਬਹੁਤ ਵੱਡਾ ਘਾਟਾ ਝੱਲਣਾ ਪੈ ਰਿਹਾ ਹੈ।
ਬਲਜੀਤ ਸਿੰਘ ਕਾਲੇਕੇ (ਬਰਨਾਲਾ)