ਨਵੀਂ ਦਿੱਲੀ (ਪੱਤਰ ਪ੍ਰੇਰਕ): ਸਾਬਕਾ ਕੇਂਦਰੀ ਮੰਤਰੀ ਤੇ ਉੱਤਰ ਪ੍ਰਦੇਸ਼ ਦੇ ਸਮਾਜਵਾਦੀ ਪਾਰਟੀ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਆ ਨੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਮਤਾ ਬੈਨਰਜੀ ਨੂੰ ਤ੍ਰਿਣਮੂਲ ਕਾਂਗਰਸ ਪਾਰਟੀ ਦੀ ਜਿੱਤ ਉੱਤੇ ਵਧਾਈ ਦਿੰਦਿਆਂ ਕਿਹਾ ਹੈ ਕਿ ਇਸ ਜਿੱਤ ਨਾਲ ਦੇਸ਼ ਵਿੱਚ ਗ਼ੈਰ-ਭਾਜਪਾ ਰਾਜਨੀਤਕ ਪਾਰਟੀਆਂ ਵੱਲੋਂ ਭਾਜਪਾ ਨੂੰ ਦੇਸ਼ ਭਰ ਵਿੱਚ ਹਰਾਉਣ ਦਾ ਮੁੱਢ ਬੱਝ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ (ਜੋ ਗ਼ੈਰ-ਰਾਜਨੀਤਕ ਹਨ) ਤੋਂ ਇਲਾਵਾ ਪੰਜਾਬ ਦੇ ਸਮੁੱਚੇ ਰਾਜਨੀਤਕ ਨੇਤਾਵਾਂ ਵਿੱਚੋਂ ਉਹ ਇੱਕੋ ਇੱਕ ਨੇਤਾ ਹਨ ਜਿਨ੍ਹਾਂ ਨੇ ਮਮਤਾ ਬੈਨਰਜੀ ਦੀ ਮਦਦ ਹਿੱਤ ਅੱਠ ਦਿਨ ਲਈ ਬੰਗਾਲ ਵਿਚ ਪ੍ਰਚਾਰ ਮੁਹਿੰਮ ਚਲਾਈ। ਉਨ੍ਹਾਂ ਗੁਰਦੁਆਰਾ ਸੰਤ ਕੁਟੀਆ, ਗੁਰਦੁਆਰਾ ਬੈਰਕਪੁਰ, ਗੁਰਦੁਆਰਾ ਬਜਬਜ ਘਾਟ, ਗੁਰਦੁਆਰਾ ਬੇਹਾਲਾ, ਗੁਰਦੁਆਰਾ ਡਨਲਪ ਬ੍ਰਿਜ, ਗੁਰਦੁਆਰਾ ਦਮਦਮ ਘਾਟ ਸਮੇਤ ਹੋਰ ਗੁਰਦੁਆਰਿਆਂ ਅਤੇ ਸਿਲੀਗੁੜੀ ਖੇਤਰ ਵਿੱਚ ਪ੍ਰਚਾਰ ਮੁਹਿੰਮ ਚਲਾਈ। ਉਨ੍ਹਾਂ ਨਾਲ ਬੀਬੀ ਇੰਦਰਾ ਤਿਵਾੜੀ ਮੁੱਖ ਸਕੱਤਰ ਹਿੰਦੂ ਮਹਾਂ ਸਭਾ,ਬੰਗਾਲ ਦੇ ਮੁੱਖ ਸਿੱਖ ਅਤੇ ਸਮਾਜ ਸੇਵਕ ਆਗੂ ਮਨਜੀਤ ਸਿੰਘ ਜੀਤਾ ਵੀ ਸ਼ਾਮਲ ਸਨ।