ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 26 ਸਤੰਬਰ
ਇਲਾਕੇ ’ਚ ਸਬਜ਼ੀਆਂ ਲਗਾ ਕੇ ਗੁਜ਼ਾਰਾ ਕਰਨ ਵਾਲੇ ਸਬਜ਼ੀ ਉਤਪਾਦਕਾਂ ਨੂੰ ਮੀਂਹ ਕਾਰਨ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਬੀਤੇ ਦਿਨ ਕਈ ਘੰਟੇ ਪਏ ਲਗਾਤਾਰ ਤੇਜ਼ ਮੀਂਹ ਨੇ ਸਭ ਤੋਂ ਵੱਧ ਨੁਕਸਾਨ ਸਬਜ਼ੀਆਂ ਦਾ ਹੀ ਕੀਤਾ ਹੈ। ਇਸ ਤੋਂ ਇਲਾਵਾ ਕਈ ਥਾਈਂ ਝੋਨਾ ਵੀ ਵਿਛ ਗਿਆ ਹੈ।
ਸਬਜ਼ੀ ਲਾਉਣ ਵਾਲੇ ਕਿਸਾਨਾਂ ਨੇ ਦੱਸਿਆ ਕਿ ਘੱਟ ਜ਼ਮੀਨ ਕਰ ਕੇ ਉਨ੍ਹਾਂ ਕੁਝ ਸਾਲਾਂ ਤੋਂ ਹੋਰਨਾਂ ਫ਼ਸਲਾਂ ਦੀ ਥਾਂ ’ਤੇ ਸਬਜ਼ੀ ਲਾਉਣ ਦਾ ਕੰਮ ਸ਼ੁਰੂ ਕੀਤਾ ਸੀ। ਇਸ ਕੰਮ ’ਤੇ ਮਿਹਨਤ ਭਾਵੇਂ ਵੱਧ ਕਰਨੀ ਪੈਂਦੀ ਸੀ ਪਰ ਹੱਥੀਂ ਮਿਹਨਤ ਦਾ ਮੁੱਲ ਪੈ ਜਾਂਦਾ ਸੀ। ਬਹੁਤੇ ਕਿਸਾਨ ਮੰਡੀ ਜਾ ਕੇ ਸਬਜ਼ੀ ਵੇਚਦੇ ਰਹੇ ਹਨ ਜਦੋਂਕਿ ਕੁਝ ਆਪਣੇ ਖੇਤਾਂ ਅਤੇ ਸੜਕਾਂ ਦੇ ਕੰਢੇ ਸਬਜ਼ੀ ਰੱਖ ਕੇ ਵੇਚਣ ਦਾ ਕੰਮ ਵੀ ਕਰਨ ਲੱਗੇ ਹਨ। ਇਸ ਤਰ੍ਹਾਂ ਇਨ੍ਹਾਂ ਦਾ ਰੋਜ਼ਾਨਾ ਹੋਣ ਵਾਲੀ ਆਮਦਨ ਨਾਲ ਗੁਜ਼ਾਰਾ ਤੁਰਿਆ ਹੋਇਆ ਸੀ।
ਪਿੰਡ ਅਖਾੜਾ ਦੇ ਚਰਨਜੀਤ ਸਿੰਘ, ਸ਼ੇਰਪੁਰ ਕਲਾਂ ਦੇ ਸੁਖਦੇਵ, ਪ੍ਰੀਤਮ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਬੀਤੇ ਦਿਨ ਦੀ ਤੇਜ਼ ਬਾਰਿਸ਼ ਨੇ ਸਬਜ਼ੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਨੀਵੇਂ ਖੇਤਾਂ ’ਚ ਮੀਂਹ ਦਾ ਪਾਣੀ ਭਰ ਜਾਣ ਕਰ ਕੇ ਸਬਜ਼ੀਆਂ ਪੂਰੀ ਤਰ੍ਹਾਂ ਖ਼ਰਾਬ ਹੋ ਗਈਆਂ ਹਨ। ਕਿਸਾਨ ਚਰਨਜੀਤ ਸਿੰਘ ਅਖਾੜਾ ਨੇ ਦੱਸਿਆ ਕਿ ਉਸ ਨੇ ਪੰਜ ਏਕੜ ਜ਼ਮੀਨ ਠੇਕੇ ’ਤੇ ਲੈ ਕੇ ਸਬਜ਼ੀਆਂ ਲਾਈਆਂ ਸਨ। ਮੀਂਹ ਕਰ ਕੇ ਠੇਕੇ ਵਾਲੀ ਜ਼ਮੀਨ ’ਚ ਲਾਈ ਗੋਭੀ, ਮੂਲੀਆਂ ਅਤੇ ਹੋਰ ਸ਼ਬਜੀਆਂ ਤਬਾਹ ਹੋ ਗਈਆਂ ਹਨ। ਕਿਸਾਨ ਦਾ ਕਹਿਣਾ ਸੀ ਕਿ 40 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਮਾਮਲੇ ’ਤੇ ਲੈ ਕੇ ਦੋ ਮਹੀਨੇ ਤੋਂ ਸਬਜ਼ੀਆਂ ਦੀ ਦੇਖਭਾਲ ਕਰ ਰਿਹਾ ਸੀ। ਪੂਰੇ ਟੱਬਰ ਨੂੰ ਉਮੀਦ ਸੀ ਕਿ ਗੋਬੀ, ਮੂਲੀਆਂ ਤੇ ਹੋਰ ਸਬਜ਼ੀਆਂ ਵੇਚ ਕੇ ਮੁਨਾਫ਼ਾ ਹੋਵੇਗਾ ਪਰ ਮੀਂਹ ਕਰ ਕੇ ਸਭ ਕੁਝ ਬਰਬਾਦ ਹੋ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਅਮਰ ਸਿੰਘ ਤੇ ਰਾਮਸ਼ਰਨ ਸਿੰਘ ਨੇ ਵੀ ਮੁਆਵਜ਼ੇ ਦੀ ਮੰਗ ਕੀਤੀ ਹੈ।