ਪਾਲ ਸਿੰਘ ਨੌਲੀ
ਜਲੰਧਰ, 2 ਜੂਨ
ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਗੰਨਮੈਨ ਨੇ ਆਪਣੀ ਬੰਦੂਕ ਨਾਲ ਗੋਲੀ ਮਾਰ ਕੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਪਰਿਵਾਰ ‘ਚ ਚੱਲ ਰਹੇ ਕਿਸੇ ਵਿਵਾਦ ਤੋਂ ਚਿੰਤਤ ਸੀ। ਇਸੇ ਵਿਵਾਦ ਕਰਕੇ ਉਹ ਪਿਛਲੇ ਚਾਰ ਦਿਨਾਂ ਤੋਂ ਛੁੱਟੀ ‘ਤੇ ਵੀ ਸੀ। ਉਹ ਅੱਜ ਹੀ ਡਿਊਟੀ ’ਤੇ ਪਰਤਿਆ ਸੀ, ਜਦੋਂ ਉਸ ਨੇ ਆਪਣੀ ਸਰਕਾਰੀ ਬੰਦੂਕ ਨਾਲ ਖੁਦ ਨੂੰ ਕਥਿਤ ਤੌਰ ’ਤੇ ਗੋਲੀ ਮਾਰ ਲਈ। ਗੰਨਮੈਨ ਪਵਨ ਕੁਮਾਰ ਵਾਸੀ ਮਹਿਤਪੁਰ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ। ਘਟਨਾ ਵੇਲੇ ਇਹ ਗੰਨਮੈਨ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦੇ ਦਾਨਿਸ਼ਮੰਦਾਂ ਸਥਿਤ ਘਰ ‘ਤੇ ਇਕੱਲਾ ਸੀ। ਘਟਨਾ ਦੇ ਸਮੇਂ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਬਸਤੀਆਂ ‘ਚ ਸਥਿਤ ਬਾਬਾ ਬਾਲਕ ਨਾਥ ਮੰਦਰ ‘ਚ ਹੀ ਗਿਆ ਹੋਇਆ ਸੀ। ਅੱਜ ਬਾਬਾ ਬਾਲਕ ਨਾਥ ਮੰਦਰ ਵਿੱਚ ਪ੍ਰੋਗਰਾਮ ਸੀ। ਘਟਨਾ ਦੀ ਸੂਚਨਾ ਮਿਲਦਿਆ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ।