ਨਵੀਂ ਦਿੱਲੀ: ਦਿੱਲੀ ਦੀ ਕੋਰਟ ਨੇ ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇਅ ਨੂੰ ਕੋਲਾ ਘੁਟਾਲੇ ਨਾਲ ਸਬੰਧਤ ਕੇਸ ਵਿੱਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਕੇਸ 1999 ਵਿੱਚ ਝਾਰਖੰਡ ਦੇ ਕੋਲਾ ਬਲਾਕ ਦੀ ਵੰਡ ਮੌਕੇ ਬੇਨਿਯਮੀਆਂ ਨਾਲ ਸਬੰਧਤ ਹੈ ਤੇ ਊਸ ਮੌਕੇ ਰੇਅ, ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਕੋਲਾ ਮੰਤਰਾਲੇ ’ਚ ਰਾਜ ਮੰਤਰੀ ਸੀ। ਇਸ ਦੇ ਨਾਲ ਹੀ ਵਿਸ਼ੇਸ਼ ਜੱਜ ਭਾਰਤ ਪ੍ਰਾਸ਼ਰ ਨੇ ਕੋਲਾ ਮੰਤਰਾਲੇ ’ਚ ਤਤਕਾਲੀਨ ਦੋ ਸੀਨੀਅਰ ਅਧਿਕਾਰੀਆਂ ਪ੍ਰਦੀਪ ਕੁਮਾਰ ਬੈਨਰਜੀ ਤੇ ਨਿਤਿਆ ਨੰਦ ਗੌਤਮ ਅਤੇ ਕੈਸਟਰੋਨ ਟੈਕਨਾਲੋਜੀਜ਼ ਲਿਮਿਟਡ (ਸੀਐੱਲਟੀ) ਦੇ ਡਾਇਰੈਕਟਰ ਮਹਿੰਦਰ ਕੁਮਾਰ ਅਗਰਵਾਲਾ ਨੂੰ ਵੀ ਤਿੰਨ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਮੁਜਰਮਾਂ ਨੂੰ 10-10 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਸੀਐੱਲਟੀ ਨੂੰ 60 ਲੱਖ ਤੇ ਕੈਸਟਰੋਨ ਮਾਈਨਿੰਗ ਲਿਮਟਿਡ (ਸੀਐੱਮਐੱਲ) ਨੂੰ 10 ਲੱਖ ਰੁਪਏ ਦਾ ਹਰਜਾਨਾ ਅਦਾ ਕਰਨ ਲਈ ਆਖਿਆ ਗਿਆ ਹੈ। -ਪੀਟੀਆਈ