ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 26 ਸਤੰਬਰ
ਪੰਜਾਬ ਦੀ ਕੈਬਨਿਟ ’ਚੋਂ ਛਾਂਟੀ ਹੋਣ ਦੇ ਬਾਵਜੂਦ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਿਰਾਸ਼ ਹੋ ਕੇ ਘਰ ਨਹੀਂ ਬੈਠੇ ਹਨ, ਸਗੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਫੁਰਤੀ ਨਾਲ ਇਲਾਕੇ ਵਿੱਚ ਕੰਮ ਕਰਦੇ ਨਜ਼ਰ ਆਏ। ਅੱਜ ਉਹ ਸਾਰਾ ਦਿਨ ਲੋਕਾਂ ਵਿੱਚ ਵਿਚਰੇ ਅਤੇ ਕਈ ਥਾਵਾਂ ’ਤੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ।
ਇਸ ਦੌਰਾਨ ਉਨ੍ਹਾਂ ਲਗਪਗ 18 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਵੀ ਵੰਡੇ। ਇਸ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਮੁਹਾਲੀ ਦੇ ਲੋਕਾਂ ਦਾ ਪਿਆਰ ਤੇ ਵਿਸ਼ਵਾਸ ਹੀ ਉਨ੍ਹਾਂ ਦੀ ਅਸਲੀ ਤਾਕਤ ਤੇ ਸ਼ਕਤੀ ਹੈ ਅਤੇ ਉਹ ਵਿਧਾਇਕ ਵਜੋਂ ਸਰਕਾਰ ਨਾਲ ਤਾਲਮੇਲ ਕਰ ਕੇ ਲਗਾਤਾਰ ਵਿਕਾਸ ਕਾਰਜਾਂ ਲਈ ਯਤਨਸ਼ੀਲ ਰਹਿਣਗੇ।
ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਤਿੰਨ ਰਿਹਾਇਸ਼ੀ ਸੁਸਾਇਟੀਆਂ ਵਿੱਚ ਲਗਾਏ ਗਏ ਤਿੰਨ ਓਪਨ ਏਅਰ ਜਿਮਾਂ ਦਾ ਉਦਘਾਟਨ ਅੱਜ ਸ੍ਰੀ ਸਿੱਧੂ ਨੇ ਕੀਤਾ। ਇਹ ਤਿੰਨੋਂ ਓਪਨ ਏਅਰ ਜਿਮ ਜੋਗਿੰਦਰ ਵਿਹਾਰ ਸੁਸਾਇਟੀ ਫੇਜ਼-2, ਹਾਊਸਫੈੱਡ ਸੁਸਾਇਟੀ ਫੇਜ਼-10 ਅਤੇ ਸੈਕਟਰ-67 ਦੀ ਸੁਸਾਇਟੀ ਵਿੱਚ ਲਗਾਏ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਖ-ਵੱਖ ਥਾਵਾਂ ਉੱਤੇ ਸੜਕਾਂ ’ਤੇ ਪ੍ਰੀਮਿਕਸ ਪਾਉਣ ਅਤੇ ਪੇਵਰ ਬਲਾਕ ਲਗਾਉਣ ਦੇ ਕੰਮ ਦੇ ਉਦਘਾਟਨ ਵੀ ਕੀਤੇ।
ਸਾਬਕਾ ਮੰਤਰੀ ਨੇ ਭਾਵੁਕ ਲਹਿਜ਼ੇ ਵਿੱਚ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਮੁਹਾਲੀ ਨੂੰ ਮੈਡੀਕਲ ਹੱਬ ਬਣਾਉਣ ਲਈ ਦਿਨ-ਰਾਤ ਉਪਰਾਲੇ ਕੀਤੇ ਅਤੇ ਸੂਬੇ ਦੇ ਲੋਕਾਂ ਨੂੰ ਪੰਜ ਲੱਖ ਰੁਪਏ ਦੇ ਸਿਹਤ ਬੀਮੇ ਅਧੀਨ ਵਿੱਤੀ ਮਦਦ ਦੇਣ ਦਾ ਉਪਰਾਲਾ ਕੀਤਾ। ਕਿਰਤ ਮੰਤਰੀ ਵਜੋਂ ਉਨ੍ਹਾਂ ਨੇ ਕਿਰਤੀਆਂ ਦੇ ਅਥਾਹ ਕੰਮ ਕੀਤੇ ਅਤੇ ਫੇਜ਼-8 ਤੇ ਫੇਜ਼-6 ਵਿੱਚ ਕਿਰਤੀਆਂ ਦੇ ਲੀਜ਼ ’ਤੇ ਚੱਲ ਰਹੇ ਮਕਾਨ ਉਨ੍ਹਾਂ ਦੇ ਨਾਂ ’ਤੇ ਅਲਾਟ ਕਰਵਾ ਕੇ ਉਨ੍ਹਾਂ ਦੇ ਸਿਰ ’ਤੇ ਲਟਕੀ ਤਲਵਾਰ ਹਮੇਸ਼ਾ ਲਈ ਹਟਵਾਈ। ਲਾਂਡਰਾਂ ਚੌਕ ’ਤੇ ਟਰੈਫ਼ਿਕ ਦੀ ਸਮੱਸਿਆ ਹੱਲ ਕਰਵਾਈ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਬੇਸ਼ੱਕ ਉਹ ਮੰਤਰੀ ਮੰਡਲ ਦਾ ਹਿੱਸਾ ਨਹੀਂ ਰਹੇ ਹਨ ਪ੍ਰੰਤੂ ਵਿਕਾਸ ਕਾਰਜਾਂ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਾਂਗਰਸੀ ਆਗੂ ਜੀ.ਐੱਸ. ਰਿਆੜ, ਵੱਖ-ਵੱਖ ਵਾਰਡਾਂ ਦੇ ਕੌਂਸਲਰ ਅਤੇ ਹੋਰ ਕਾਂਗਰਸੀ ਆਗੂ ਤੇ ਇਲਾਕਾ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।