ਪੱਤਰ ਪ੍ਰੇਰਕ
ਸਮਰਾਲਾ, 26 ਸਤੰਬਰ
ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰਦੇ ਆ ਰਹੇ ਪੰਜਾਬ ਦੇ ਨੰਬਰਦਾਰਾਂ ਨੂੰ ਹੁਣ ਸੂਬੇ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਤੋਂ ਆਸ ਜਾਗ ਗਈ ਹੈ, ਕਿ ਉਹ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਣ ਦਾ ਐਲਾਨ ਕਰ ਕੇ ਇਨਸਾਫ਼ ਦੇਣਗੇ। ਅੱਜ ਇੱਥੇ ਇੱਕ ਬਿਆਨ ਜਾਰੀ ਕਰਦਿਆਂ ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਸਕੱਤਰ ਦਲੀਪ ਸਿੰਘ ਬਾਲਿਓਂ ਨੇ ਆਖਿਆ ਕਿ ਪੰਜਾਬ ਦੇ ਨੰਬਰਦਾਰਾਂ ਨੂੰ ਹੁਣ ਨਵੇਂ ਮੁੱਖ ਮੰਤਰੀ ਤੋਂ ਵੱਡੀਆਂ ਉਮੀਦਾਂ ਹਨ, ਕਿ ਉਹ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਮੰਨਦੇ ਹੋਏ ਬਣਦਾ ਮਾਣ-ਸਤਿਕਾਰ ਵੀ ਦੇਣਗੇ। ਸ੍ਰੀ ਬਾਲਿਓਂ ਨੇ ਜਥੇਬੰਦੀ ਵੱਲੋਂ ਮੁੱਖ ਮੰਤਰੀ ਚੰਨੀ ਨੂੰ ਸੂਬੇ ਦੀ ਵਾਂਗਡੋਰ ਸੰਭਾਲਣ ’ਤੇ ਵਧਾਈ ਦਿੰਦੇ ਹੋਏ ਇਹ ਵੀ ਚੇਤੇ ਕਰਵਾਇਆ ਕਿ, ਪੰਜਾਬ ਦੇ ਨੰਬੜਦਾਰ ਆਪਣੇ ਮਾਣ ਭੱਤੇ ਵਿੱਚ ਵਾਧੇ ਸਣੇ ਕਈ ਹੋਰ ਪ੍ਰਮੁੱਖ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ, ਪਰ ਸਰਕਾਰ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਉਰਨਾ, ਦਲਵਾਰਾ ਸਿੰਘ ਮਾਦਪੁਰ, ਹਰਬੰਸ ਸਿੰਘ ਬੌਂਦਲੀ, ਬਚਨ ਸਿੰਘ ਚਹਿਲਾਂ, ਜਰਨੈਲ ਸਿੰਘ ਬਹਿਲੋਲਪੁਰ, ਸੁੱਚਾ ਸਿੰਘ ਹਰਿਓ, ਦਲਜੀਤ ਸਿੰਘ ਮੁੱਤੋਂ, ਤਾਰਾ ਸਿੰਘ ਬੌਂਦਲ, ਅਵਤਾਰ ਸਿੰਘ ਗੜੀ, ਸ਼ੇਰ ਸਿੰਘ ਕੁੱਬੇ, ਜੈਪਾਲ ਸਿੰਘ ਕੋਟਾਲਾ ਆਦਿ ਸਮੇਤ ਹੋਰ ਕਈ ਨੰਬਰਦਾਰ ਹਾਜ਼ਰ ਸਨ।