ਜੋਗਿੰਦਰ ਸਿੰਘ ਓਬਰਾਏ
ਖੰਨਾ, 10 ਜੁਲਾਈ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਫੈਕਟਰੀ ਵੱਲੋਂ ਪ੍ਰਦੂਸ਼ਣ ਫੈਲਾਉਣ ਦੀ ਸ਼ਿਕਾਇਤ ਬਾਅਦ ਹਰਕਤ ਵਿਚ ਆਇਆ ਅਤੇ ਉਸ ਦੀ ਟੀਮ ਇਥੋਂ ਦੇ ਨੇੜਲੇ ਪਿੰਡ ਇਕੋਲਾਹਾ ਪੁੱਜੀ। ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਕਿ ਪਿੰਡ ਨਰਾਇਣਗੜ੍ਹ ਤੋਂ ਇਕੋਲਾਹਾ ਰਸਤੇ ਵਿਚ ਫੈਕਟਰੀ ਵਿਚੋਂ ਧੂੰਆ ਨਿਕਲਦਾ ਹੈ, ਇੰਝ ਲੱਗਦਾ ਹੈ ਜਿਵੇਂ ਫੈਕਟਰੀ ਨੂੰ ਅੱਗ ਲੱਗੀ ਹੋਵੇ। ਇਸ ਕਾਰਨ ਸੜਕ ਤੋਂ ਲੰਘਣ ਵਾਲਿਆਂ ਨੂੰ ਸਾਹ ਲੈਣ ਵਿਚ ਮੁਸ਼ਕਿਲ ਹੁੰਦੀ ਹੈ। ਕੁਝ ਲੋਕਾਂ ਨੇ ਇੱਕਠੇ ਹੋ ਕੇ ਇਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕੀਤੀ। ਇਸ ਮੌਕੇ ਕੁਲਦੀਪ ਸਿੰਘ, ਜਰਨੈਲ ਸਿੰਘ, ਤੇਜਿੰਦਰ ਸਿੰਘ, ਮਨਦੀਪ ਸਿੰਘ ਨੇ ਕਿਹਾ ਕਿ ਅਕਸਰ ਰਬੜ ਸਾੜਨ ਕਾਰਨ ਰਾਹ ਜਾਂਦੇ ਲੋਕਾਂ ਨੂੰ ਅਨੇਕਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪ੍ਰਤੂੰ ਵਿਭਾਗ ਦਾ ਕੋਈ ਵੀ ਅਧਿਕਾਰੀ ਆਪ ਜਾਂਚ ਕਰਨ ਨਹੀਂ ਆਉਂਦਾ। ਇਸ ਸਬੰਧੀ ਸ਼ਿਕਾਇਤ ਮਿਲਣ ’ਤੇ ਐੱਸਡੀਐੱਮ ਹਰਬੰਸ ਸਿੰਘ ਨੇ ਵਿਭਾਗ ਦੇ ਐੱਸਡੀਓ ਨੂੰ ਜਾਂਚ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਫੈਕਟਰੀ ਦੀ ਜਾਂਚ ਲਈ ਕਿਹਾ ਗਿਆ ਹੈ, ਜੇ ਕੁਝ ਗਲਤ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ।