ਨੌਟਿੰਘਮ, 8 ਅਗਸਤ
ਮੀਂਹ ਨੇ ਭਾਰਤ ਤੋਂ ਇੰਗਲੈਂਡ ਖਿਲਾਫ਼ ਪਹਿਲਾ ਟੈਸਟ ਕ੍ਰਿਕਟ ਮੈਚ ਜਿੱਤਣ ਦਾ ਮੌਕਾ ਖੋੋਹ ਲਿਆ ਹੈ। ਟੈਸਟ ਦੇ ਪੰਜਵੇਂ ਤੇ ਆਖਰੀ ਦਿਨ ਅੱਜ ਲਗਾਤਾਰ ਮੀਂਹ ਪੈਂਦਾ ਰਿਹਾ ਜਿਸ ਕਰਕੇ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ ਤੇ ਆਖਿਰ ਨੂੰ ਅੰਪਾਇਰਾਂ ਨੇ ਮੈਚ ਡਰਾਅ ਐਲਾਨ ਦਿੱਤਾ। ਭਾਰਤ ਨੂੰ ਅੱਜ ਆਖਰੀ ਦਿਨ ਮੈਚ ਜਿੱਤਣ ਲਈ 157 ਦੌੜਾਂ ਦੀ ਲੋੜ ਸੀ ਤੇ ਟੀਮ ਦੀਆਂ 9 ਵਿਕਟਾਂ ਸਲਾਮਤ ਸਨ। ਨਵੀਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਸਾਈਕਲ ਦੀ ਅੰਕ ਪ੍ਰਣਾਲੀ ਤਹਿਤ ਦੋਵਾਂ ਟੀਮਾਂ ਨੂੰ 4-4 ਅੰਕ ਮਿਲੇ ਹਨ। ਇੰਗਲੈਂਡ ਦੀ ਦੂਜੀ ਪਾਰੀ ਲੰਘੇ ਦਿਨ 303 ਦੌੜਾਂ ’ਤੇ ਸਿਮਟ ਗਈ ਸੀ ਤੇ ਭਾਰਤ ਕੋਲ ਪਹਿਲੀ ਪਾਰੀ ਦੇ ਆਧਾਰ ’ਤੇ 95 ਦੌੜਾਂ ਦੀ ਲੀਡ ਸੀ। ਭਾਰਤ ਨੂੰ ਮੈਚ ਜਿੱਤਣ ਲਈ 209 ਦੌੜਾਂ ਦਾ ਟੀਚਾ ਮਿਲਿਆ ਸੀ ਤੇ ਮਹਿਮਾਨ ਟੀਮ ਨੇ ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਇਕ ਵਿਕਟ ਦੇ ਨੁਕਸਾਨ ਨਾਲ 52 ਦੌੜਾਂ ਬਣਾ ਲਈਆਂ ਸਨ। -ਪੀਟੀਆਈ