ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਅਕਤੂਬਰ
ਆਰਟੀਏ ਦਫ਼ਤਰ ਤੋਂ ਨਵੇਂ ਟਰੱਕਾਂ ਦੀ ਆਰਸੀ ਜਾਰੀ ਨਾ ਹੋਣ ਤੋਂ ਪ੍ਰੇਸ਼ਾਨ ਟਰੱਕ ਮਾਲਕਾਂ ਨੇ ਸ਼ੁੱਕਰਵਾਰ ਆਰਟੀਏ ਦਫ਼ਤਰ ਦੇ ਬਾਹਰ ਧਰਨਾ ਲਾ ਦਿੱਤਾ। ਇਸ ਮੌਕੇ ਟਰੱਕ ਚਾਲਕਾਂ ਨੇ ਸਰਕਾਰ ਅਤੇ ਆਰਟੀਏ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੱਸਿਆ ਕਿ ਉਹ ਬੀਤੇ 2 ਮਹੀਨਿਆਂ ਤੋਂ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਲੈਣ ਲਈ ਦਫ਼ਤਰ ਦੇ ਚੱਕਰ ਲਾ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ।
ਟਰਾਂਸਪੋਰਟਰ ਸਤਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਤਿੰਨ ਟਰੱਕ ਲਏ ਸਨ ਅਤੇ ਅਗਸਤ ਮਹੀਨੇ ਉਨ੍ਹਾਂ ਤਿੰਨਾਂ ਟਰੱਕਾਂ ਦੀ ਆਰਸੀ ਬਣਨ ਲਈ ਦਿੱਤੀ ਸੀ। ਆਰਟੀਏ ਵਿਭਾਗ ਨੇ ਦੋ ਟਰੱਕਾਂ ਦੀ ਗਲਤ ਆਰਸੀ ਜਾਰੀ ਕਰ ਦਿੱਤੀ, ਜਦ ਕਿ ਇੱਕ ਟਰੱਕ ਦੀ ਆਰਸੀ ਹਾਲੇ ਤੱਕ ਨਹੀਂ ਮਿਲੀ। ਉਸ ਦੇ ਤਿੰਨੇ ਟਰੱਕ ਸਾਈਡ ’ਤੇ ਖੜ੍ਹੇ ਹਨ। ਸਤਵੰਤ ਸਿੰਘ ਨੇ ਦੱਸਿਆ ਕਿ ਉਸ ਨੇ ਬੈਂਕ ਤੋਂ ਕਰਜ਼ਾ ਲੈ ਕੇ ਇਹ ਟਰੱਕ ਖ਼ਰੀਦੇ ਸਨ ਪਰ ਹਾਲੇ ਤੱਕ ਇੱਕ ਵੀ ਟਰੱਕ ਨੇ ਕੋਈ ਗੇੜਾ ਨਹੀਂ ਲਾਇਆ ਹੈ ਪਰ ਬੈਂਕ ਵੱਲੋਂ ਵਿਆਜ ਤੇ ਕਰਜ਼ੇ ਦੀ ਕਿਸ਼ਤ ਸ਼ੁਰੂ ਹੋ ਚੁੱਕੀ ਹੈੈ। ਧਰਨੇ ’ਤੇ ਬੈਠੇ ਅਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਵੀ ਬੈਂਕ ਤੋਂ ਕਰਜ਼ਾ ਲੈ ਕੇ ਪਿਛਲੇ ਮਹੀਨੇ ਟਰੱਕ ਖਰੀਦਿਆ ਹੈ। ਐੱਮਵੀਆਈ ਨੇ ਉਨ੍ਹਾਂ ਦੇ ਟਰੱਕ ਦੀ ਪਾਸਿੰਗ ਕਰ ਦਿੱਤੀ ਹੈ ਪਰ ਹੁਣ ਆਰਟੀਏ ਦਫ਼ਤਰ ਤੋਂ ਆਰਸੀ ਨਹੀਂ ਬਣ ਰਹੀ ਹੈ। ਇਸ ਕੰਮ ਲਈ ਉਹ ਆਰਟੀਏ ਦਫ਼ਤਰ ਦੇ ਕਈ ਚੱਕਰ ਲਾ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਟਰਾਂਸਪੋਰਟਰ ਸੁਖਚੈਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਮਹੀਨੇ ਪਹਿਲਾਂ ਚਾਰ ਟਰੱਕ ਲਏ ਸਨ, ਜਿਨ੍ਹਾਂ ਵਿੱਚੋਂ ਦੋ ਟਰੱਕਾਂ ਦੀ ਆਰਸੀ ਉਨ੍ਹਾਂ ਨੂੰ ਮਿਲ ਗਈ ਹੈ ਅਤੇ ਬਾਕੀ ਦੇ ਦੋ ਟਰੱਕਾਂ ਦੀ ਆਰਸੀ ਅੱਜ ਤੱਕ ਨਹੀਂ ਮਿਲੀ ਹੈ। ਟਰੱਕ ਮਾਲਕਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਕੰਮ ਜਲਦੀ ਨਹੀਂ ਹੁੰਦਾ ਤਾਂ ਉਹ ਟਰਾਂਸਪੋਰਟ ਮੰਤਰੀ ਕੋਲ ਜਾਣਗੇ।