ਨੋਇਡਾ, 5 ਫਰਵਰੀ
ਪੱਛਮੀ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਵਿਚ ਅੱਜ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਹਜ਼ਾਰਾਂ ਕਿਸਾਨਾਂ ਦਾ ਇਕੱਠ ਹੋਇਆ। ਸ਼ਾਮਲੀ ਤੇ ਨੇੜਲੇ ਜ਼ਿਲ੍ਹਿਆਂ ਤੋਂ ਹਜ਼ਾਰਾਂ ਲੋਕ ਟਰੈਕਟਰਾਂ, ਦੁਪਹੀਆ ਅਤੇ ਹੋਰ ਵਾਹਨਾਂ ’ਤੇ ਭੈਂਸਵਾਲ ਪਿੰਡ ਪਹੁੰਚੇ। ਰਾਸ਼ਟਰੀ ਲੋਕ ਦਲ ਵੱਲੋਂ ਲਾਈ ਗਈ ‘ਕਿਸਾਨ ਪੰਚਾਇਤ’ ਵਿਚ ਕਈ ਲੋਕ ਪੈਦਲ ਵੀ ਸ਼ਿਰਕਤ ਕਰਨ ਲਈ ਪਹੁੰਚੇ। ਦੱਸਣਯੋਗ ਹੈ ਕਿ ਇਸ ਇਕੱਠ ਲਈ ਸ਼ਾਮਲੀ ਪ੍ਰਸ਼ਾਸਨ ਨੇ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਧਾਰਾ 144 ਤਹਿਤ ਪਾਬੰਦੀਆਂ ਲਾਈਆਂ ਗਈਆਂ ਸਨ। ਪਰ ਇਸ ਦੇ ਬਾਵਜੂਦ ਲੋਕ ਵੱਡੀ ਗਿਣਤੀ ਵਿਚ ਜੁੜੇ। ਉੱਤਰ ਪ੍ਰਦੇਸ਼ ਵਿਚ ਮੁਜ਼ੱਫ਼ਰਨਗਰ, ਮਥੁਰਾ ਤੇ ਬਾਗ਼ਪਤ ਤੋਂ ਬਾਅਦ ਇਹ ਚੌਥਾ ਵੱਡਾ ਇਕੱਠ ਹੈ। ਇਸ ਤੋਂ ਇਲਾਵਾ ਹਰਿਆਣਾ ਵਿਚ ਵੀ ਕਿਸਾਨਾਂ ਦੇ ਕਈ ਵੱਡੇ ਇਕੱਠ ਹੋ ਚੁੱਕੇ ਹਨ। ‘ਕਿਸਾਨ ਪੰਚਾਇਤ’ ਵਿਚ ਕਈ ‘ਖਾਪ’ ਆਗੂ, ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਤੇ ਆਰਐੱਲਡੀ ਦੇ ਮੀਤ ਪ੍ਰਧਾਨ ਜੈਅੰਤ ਚੌਧਰੀ ਨੇ ਸ਼ਿਰਕਤ ਕੀਤੀ। ਇਲਾਕੇ ਵਿਚ ਵੱਡੀ ਗਿਣਤੀ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਸਨ। –ਆਈਏਐੱਨਐੱਸ