ਪੱਤਰ ਪ੍ਰੇਰਕ
ਸਮਰਾਲਾ, 3 ਮਈ
ਪੁਲੀਸ ਨੇ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਇੱਕ ਦੁਕਾਨ ਦੀ ਧੋਖੇ ਨਾਲ ਰਜਿਸਟਰੀ ਕਰਵਾਉਣ ਦੇ ਮਾਮਲੇ ’ਚ ਨਗਰ ਕੌਂਸਲ ਸਮਰਾਲਾ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸਤਵੀਰ ਸਿੰਘ ਸੇਖੋਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਰਿਮਾਂਡ ਤੋਂ ਬਾਅਦ ਸੇਖੋਂ ਨੂੰ ਅੱਜ ਸੈਂਟਰਲ ਜੇਲ੍ਹ ਲੁਧਿਆਣਾ ਭੇਜ ਦਿੱਤਾ ਗਿਆ ਹੈ। ਜਦਕਿ ਇਸ ਮਾਮਲੇ ’ਚ ਇੱਕ ਹੋਰ ਵਿਅਕਤੀ ਦੀ ਗ੍ਰਿਫ਼ਤਾਰੀ ਪਹਿਲਾਂ ਹੀ ਹੋ ਚੁੱਕੀ ਹੈ। ਮਾਮਲੇ ਦੀ ਜਾਣਕਾਰੀ ਦੇਣ ਲਈ ਡੀਐੱਸਪੀ ਸਮਰਾਲਾ ਜਸਵਿੰਦਰ ਸਿੰਘ ਚਹਿਲ ਵੱਲੋਂ ਅੱਜ ਇੱਕ ਪ੍ਰੈੱਸ ਕਾਨਫਰੰਸ ਵੀ ਸੱਦੀ ਗਈ। ਜਿਸ ਵਿੱਚ ਉਨ੍ਹਾਂ ਦੱਸਿਆ ਕਿ ਸਤਵੀਰ ਸਿੰਘ ਸੇਖੋਂ ਜੋਕਿ ਨਗਰ ਕੌਂਸਲ ਦਾ ਸੀਨੀਅਰ ਮੀਤ ਪ੍ਰਧਾਨ ਰਿਹਾ ਹੈ, ’ਤੇ ਉਸੇ ਦੀ ਪਾਰਟੀ ਦੀ ਸਾਬਕਾ ਕੌਂਸਲਰ ਪਰਮਜੀਤ ਕੌਰ ਕੰਗ ਦੀ ਸ਼ਿਕਾਇਤ ਉੱਤੇ ਇਹ ਕੇਸ ਦਰਜ਼ ਕੀਤਾ ਗਿਆ ਸੀ। ਸ਼ਿਕਾਇਤਕਾਰ ਨੇ ਪੁਲੀਸ ਨੂੰ ਦੱਸਿਆ ਕਿ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਉਨਾਂ ਦੇ ਰਿਸ਼ਤੇਦਾਰ ਵੱਲੋਂ ਇੱਕ ਦੁਕਾਨ ਬਹੁਤ ਸਾਲ ਪਹਿਲਾ ਕਿਰਾਏ ਉੱਤੇ ਦਿੱਤੀ ਹੋਈ ਸੀ। ਜਿਥੇ ਕਿ ਤਰਲੋਚਨ ਸਿੰਘ ਨਾਮਕ ਵਿਅਕਤੀ ਆਪਣਾ ਫਰੈਂਡਜ਼ ਸਟੂਡਿਓ ਚਲਾਉਂਦਾ ਸੀ। ਇਸ ਵਿਅਕਤੀ ਨੇ ਸਤਵੀਰ ਸਿੰਘ ਸੇਖੋਂ ਨੂੰ ਗਲਤ ਕਾਗਜ਼ਾਂ ਦੇ ਆਧਾਰ ’ਤੇ ਅਤੇ ਕਥਿਤ ਮਿਲੀਭੁਗਤ ਕਰਦੇ ਹੋਏ ਇਸ ਦੁਕਾਨ ਦੀ ਰਜਿਸਟਰੀ ਸਤਵੀਰ ਸਿੰਘ ਸੇਖੋਂ ਨੂੰ ਕਰਵਾ ਦਿੱਤੀ। ਜਦਕਿ ਤਰਲੋਚਨ ਸਿੰਘ ਸਿਰਫ ਇਸ ਦੁਕਾਨ ਵਿੱਚ ਕਿਰਾਏਦਾਰ ਸੀ। ਪੁਲੀਸ ਪੜਤਾਲ ਦੌਰਾਨ ਤਰਲੋਚਨ ਸਿੰਘ ਅਤੇ ਸਤਵੀਰ ਸਿੰਘ ਸੇਖੋਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਜਿਸ ਵਿੱਚ ਤਰਲੋਚਨ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।