ਜਸਬੀਰ ਸ਼ੇਤਰਾ
ਜਗਰਾਉਂ, 3 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਸਿੱਧਵਾਂ ਬੇਟ ਮੀਟਿੰਗ ਬਲਾਕ ਪ੍ਰਧਾਨ ਦਵਿੰਦਰ ਸਿੰਘ ਮਲਸੀਹਾਂ ਦੀ ਪ੍ਰਧਾਨਗੀ ਹੇਠ ਹੋਈ। ਜਥੇਬੰਦੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਇਸ ’ਚ ਵਿਸੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ’ਚ ਭਾਜਪਾ ਨੂੰ ਮਿਲੀ ਹਾਰ ’ਚ ਸੰਯੁਕਤ ਕਿਸਾਨ ਮੋਰਚੇ ਦੀ ਵੀ ਭੂਮਿਕਾ ਰਹੀ। ਬੰਗਾਲੀ ਲੋਕਾਂ ਨੇ ਮੋਦੀ ਹਕੂਮਤ ਦਾ ਹੰਕਾਰ ਭੰਨਿਆ ਹੈ ਅਤੇ ਕਿਸਾਨ ਮੋਰਚੇ ਨੂੰ ਹਮਾਇਤ ਦਿੱਤੀ ਹੈ, ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪੱਕੇ ਤੌਰ ’ਤੇ ਸੱਤਾ ਤੋਂ ਲਾਂਭੇ ਕਰਨ ਲਈ ਹੁਣੇ ਤੋਂ ਡਟਣਾ ਹੋਵੇਗਾ। ਇਸ ਲਈ ਜ਼ਰੂਰੀ ਹੈ ਕਿ ਲੋਕ ਦਿੱਲੀ ਬਾਰਡਰਾਂ ’ਤੇ ਦੁਬਾਰਾ ਤੋਂ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ। ਸਾਰੇ ਬਲਾਕਾਂ ਅਤੇ ਪਿੰਡਾਂ ’ਚੋਂ ਵੱਡੇ ਕਾਫਲੇ ਬਣਾ ਕੇ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਵਿੱਢਣੀ ਚਾਹੀਦੀ ਹੈ। ਬੀਬੀਆਂ ਅਤੇ ਨੌਜਵਾਨਾਂ ਨੂੰ ਵੀ ਪਹਿਲਾਂ ਵਾਂਗ ਵਾਰੀਆਂ ਬੰਨ੍ਹ ਕੇ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨ ਸੰਘਰਸ਼ ’ਚ ਯੋਗਦਾਨ ਪਾਉਣਾ ਚਾਹੀਦਾ ਹੈ। ਮੀਟਿੰਗ ’ਚ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਜਗਤਾਰ ਸਿੰਘ ਦੇਹੜਕਾ, ਸੁਖਵਿੰਦਰ ਸਿੰਘ ਹੰਬੜਾਂ ਵੀ ਸ਼ਾਮਲ ਹੋਏ। ਇਸ ਸਮੇਂ ਜਥੇਬੰਦਕ ਮੁੱਦਿਆਂ ’ਤੇ ਖੁੱਲ੍ਹ ਕੇ ਵਿਚਾਰਾਂ ਹੋਈਆਂ ਅਤੇ ਬਲਾਕ ਸਿੱਧਵਾਂ ਬੇਟ ’ਚ ਰਹਿੰਦੇ ਪਿੰਡਾਂ ’ਚ ਜਥੇਬੰਦੀ ਦੀਆਂ ਇਕਾਈਆਂ ਬਣਾਉਣ ਦਾ ਫੈ਼ਸਲਾ ਲਿਆ ਗਿਆ। ਇਸੇ ਤਰ੍ਹਾਂ ਕਿਸਾਨ ਸੰਘਰਸ਼ ਲਈ ਵੱਡੀ ਪੱਧਰ ’ਤੇ ਫੰਡ ਤੇ ਰਾਸ਼ਨ ਇਕੱਠਾ ਕਰਨ, ਪਿੰਡਾਂ ’ਚ ਮੈਂਬਰਸ਼ਿਪ ਮੁਹਿੰਮ ਭਖਾਉਣ, ਕਿਸਾਨ ਮੋਰਚਿਆਂ ’ਚ ਵੱਧ ਤੋਂ ਵੱਧ ਨੌਜਵਾਨ, ਕਿਸਾਨ, ਮਜ਼ਦੂਰ, ਮਾਵਾਂ ਭੈਣਾਂ ਨੂੰ ਭੇਜਣ ਦਾ ਵੀ ਫੈ਼ਸਲਾ ਕੀਤਾ ਗਿਆ। ਸਕੱਤਰ ਰਾਮਸ਼ਰਨ ਸਿੰਘ ਰਸੂਲਪੁਰ ਨੇ ਮੀਟਿੰਗ ’ਚ ਸਰਗਰਮੀ ਵੱਡੇ ਪੱਧਰ ’ਤੇ ਛੇੜਣ ਦਾ ਐਲਾਨ ਕੀਤਾ। ਇਸ ਮੌਕੇ ਜਗਤ ਸਿੰਘ ਲੀਲਾਂ, ਨਿਰਮਲ ਸਿੰਘ ਭਮਾਲ, ਪਰਵਾਰ ਸਿੰਘ ਗਾਲਬ, ਇਕਬਾਲ ਸਿੰਘ ਮਲਸੀਹਾਂ, ਜਗਦੀਸ਼ ਲੀਲਾਂ, ਡਾ. ਪਰਮਜੀਤ ਸਿੰਘ ਸਵੱਦੀ, ਗੁਰਪ੍ਰੀਤ ਸਿੰਘ ਸਿੱਧਵਾਂ, ਚਰਨਜੀਤ ਸਿੰਘ ਸ਼ੇਖਦੌਲਤ, ਬਚਿੱਤਰ ਸਿੰਘ ਜੌਹਲ ਤੇ ਦਰਸ਼ਨ ਸਿੰਘ ਗਾਲਬਿ ਮੌਜੂਦ ਸਨ।
ਭਾਜਪਾ ਦੇ ਫਾਸ਼ੀਵਾਦੀ ਏਜੰਡੇ ਦੀ ਹਾਰ ਹੋਈ: ਚਕਰ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਸੀਪੀਆਈ ਐੱਮਐੱਲ ਲਬਿਰੇਸ਼ਨ ਦੇ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ ਨੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਹੋਈ ਹਾਰ ਨੂੰ ਭਾਜਪਾ ਦੇ ਫਾਸੀਵਾਦੀ ਏਜੰਡੇ ਦੀ ਹਾਰ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਬੰਗਾਲੀ ਲੋਕਾਂ ਦੇ ਫਤਵੇ ਨਾਲ ਮੋਦੀ ਸਰਕਾਰ ਦਾ ਘੁਮੰਡ ਚਕਨਾਚੂਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਸਿਧਾਂਤਕਾਰ ਆਰਐੱਸਐੱਸ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਦੇਸ਼ ਦੀ ਜਨਤਾ ਭਾਜਪਾ ਦੀ ਘੋਰ ਫਿਰਕੂ ਰਾਜਨੀਤੀ ਨੂੰ ਨਫ਼ਰਤ ਕਰਦੀ ਹੈ। ਇਸ ਤੋਂ ਅੱਗੇ ਭਾਜਪਾ ਨੂੰ ਉੱਤਰ ਪ੍ਰਦੇਸ਼ ਦੀ ਹਾਰ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੰਗਾਲ ’ਚ ਭਾਜਪਾ ਦੀ ਹਾਰ ਪਿੱਛੇ ਵੀ ਕਿਸਾਨ ਮੋਰਚੇ ਦਾ ਵੱਡਾ ਰੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ-ਸ਼ਾਹ ਜੁੰਡਲੀ ਨੂੰ ਨੈਤਿਕ ਤੌਰ ’ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।