ਨਵੀਂ ਦਿੱਲੀ, 5 ਫਰਵਰੀ
ਕਾਂਗਰਸ ਨੂੰ 2019-20 ਵਿੱਚ 139 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਸੀ। ਪਾਰਟੀ ਦੇ ਮੈਂਬਰਾਂ ਦੀ ਗੱਲ ਕਰੀਏ ਤਾਂ ਸੀਨੀਅਰ ਆਗੂ ਕਪਿਲ ਸਿੱਬਲ ਨੇ ਪਾਰਟੀ ਦੇ ਖ਼ਜ਼ਾਨੇ ’ਚ ਸਭ ਤੋਂ ਵੱਧ 3 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਚੋਣ ਕਮਿਸ਼ਨ ਨੇ 2019-20 ਵਿੱਚ ਕਾਂਗਰਸ ਨੂੰ ਮਿਲੇ ਚੰਦੇ ਨਾਲ ਜੁੜੀ ਇਕ ਰਿਪੋਰਟ ਜਨਤਕ ਕੀਤੀ ਹੈ। ਇਸ ਰਿਪੋਰਟ ਮੁਤਾਬਕ ਆਈਟੀਸੀ ਤੇ ਇਸ ਨਾਲ ਜੁੜੀਆਂ ਕੰਪਨੀਆਂ ਨੇ 19 ਕਰੋੜ ਰੁਪਏ ਤੋਂ ਵੱਧ ਰਾਸ਼ੀ ਚੰਦੇ ਵਿੱਚ ਦਿੱਤੀ ਜਦੋਂਕਿ ‘ਪਰੂਡੈਂਟ ਇਲੈਕਟੋਰਲ ਟਰੱਸਟ’ ਨੇ 31 ਕਰੋੜ ਰੁਪਏ ਦਾ ਚੰਦਾ ਦਿੱਤਾ। ਮੌਜੂਦਾ ਕਾਨੂੰਨਾਂ ਵਿਚਲੀਆਂ ਵਿਵਸਥਾਵਾਂ ਤਹਿਤ ਸਿਆਸੀ ਪਾਰਟੀਆਂ ਦੇ ਆਗੂਆਂ, ਕੰਪਨੀਆਂ, ਇਲੈਕਟੋਰਲ ਟਰੱਸਟ ਤੇ ਸੰਸਥਾਨਾਂ ਵੱਲੋਂ 20 ਹਜ਼ਾਰ ਰੁਪਏ ਤੋਂ ਵਧ ਦੇ ਚੰਦੇ ਦੀ ਜਾਣਕਾਰੀ ਦੇਣੀ ਹੁੰਦੀ ਹੈ। ਰਿਪੋਰਟ ਮੁਤਾਬਕ ਪਹਿਲੀ ਅਪਰੈਲ 2019 ਤੋਂ 31 ਮਾਰਚ 2020 ਦਰਮਿਆਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 1,08,000 ਰੁਪਏ, ਜਦੋਂਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ 54,000 ਤੇ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੇ 50 ਹਜ਼ਾਰ ਰੁਪਏ ਦਾ ਚੰਦਾ ਦਿੱਤਾ ਸੀ। -ਪੀਟੀਆਈ