ਪ੍ਰਿੰ. ਸਰਵਣ ਸਿੰਘ
ਭਾਰਤੀ ਹਾਕੀ ਦਾ ਸੂਰਜ 41 ਸਾਲਾਂ ਤੋਂ ਛਿਪਿਆ ਹੋਇਆ ਸੀ। ਟੋਕੀਓ ਓਲੰਪਿਕ ਵਿਚ ਇਹ ਮੁੜ ਉਦੈ ਹੋਇਆ ਹੈ। ਸੁੱਤਾ ਸੁਫ਼ਨਾ ਫਿਰ ਜਾਗ ਪਿਆ ਹੈ। ਹਾਕੀ ਦਾ ਉਜੜਿਆ ਬਾਗ਼ ਮੁੜ ਮਹਿਕਿਆ ਹੈ। ਟੋਕੀਓ ਓਲੰਪਿਕ ਵਿਚ ਖੇਡੇ ਭਾਰਤੀ ਹਾਕੀ ਖਿਡਾਰੀਆਂ ਤੇ ਖਿਡਾਰਨਾਂ ਦੇ ਘਰੀਂ ਅਤੇ ਪਿੰਡਾਂ ਸ਼ਹਿਰਾਂ ਵਿਚ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਦੇਸ਼ ਭਰ ਵਿਚ ਹਾਕੀ ਦੀ ਬੱਲੇ ਬੱਲੇ ਹੋ ਰਹੀ ਹੈ। ਹਾਕੀ ਮੈਦਾਨਾਂ ਵਿਚ ਘਿਉ ਦੇ ਦੀਵੇ ਬਾਲੇ ਗਏ ਹਨ। ਖਿਡਾਰੀਆਂ ਨੂੰ ਨਕਦ ਇਨਾਮ, ਮਾਣ ਸਨਮਾਨ ਤੇ ਚੰਗੀਆਂ ਨੌਕਰੀਆਂ ਦੇਣ ਦੇ ਐਲਾਨ ਹੋ ਰਹੇ ਹਨ। ਭਾਵੇਂ ਭਾਰਤ ਦੀਆਂ ਦੋਵਾਂ ਟੀਮਾਂ ਵਿਚੋਂ ਕੋਈ ਟੀਮ ਸੋਨੇ ਜਾਂ ਚਾਂਦੀ ਦਾ ਤਗ਼ਮਾ ਨਹੀਂ ਜਿੱਤ ਸਕੀ, ਪਰ ਗੱਭਰੂਆਂ ਦੀ ਟੀਮ ਵੱਲੋਂ ਕਾਂਸੀ ਦਾ ਤਗ਼ਮਾ ਜਿੱਤਣਾ ਅਤੇ ਮੁਟਿਆਰਾਂ ਦੀ ਟੀਮ ਵੱਲੋਂ ਚੌਥੇ ਸਥਾਨ ’ਤੇ ਆਉਣਾ ਗੋਲਡ ਮੈਡਲ ਜਿੱਤਣ ਤੋਂ ਘੱਟ ਨਹੀਂ ਸਮਝੇ ਜਾ ਰਹੇ। ਕੋਈ ਪੁੱਛ ਸਕਦੈ, ਏਡੇ ਚਾਅ-ਉਤਸ਼ਾਹ ਤੇ ਹੁਲਾਸ ਦਾ ਕੀ ਕਾਰਨ ਹੈ? ਕੀ ਕਾਰਨ ਹੈ ਭਾਰਤੀ ਖਿਡਾਰੀਆਂ ਤੇ ਖਿਡਾਰਨਾਂ ਦੇ ਜਿੱਤਣ ਵੇਲੇ ਹਾਸੇ ਖੇੜੇ ਦਿਸਦੇ ਰਹੇ ਅਤੇ ਹਾਰਨ ਵੇਲੇ ਹੰਝੂਆਂ ਦੀਆਂ ਧਾਰਾਂ ਵੀ ਵਹਿਣੋਂ ਨਾ ਰੁਕ ਸਕੀਆਂ। ਕਹਿਣ ਨੂੰ ਜਿੱਤ-ਹਾਰ ਬਰਾਬਰ ਆਖੀ ਜਾਂਦੀ ਹੈ, ਪਰ ਬੜਾ ਫ਼ਰਕ ਹੁੰਦਾ ਹੈ ਹਾਰ ਤੇ ਜਿੱਤ ਦਾ। ਪਿੰਡਾਂ ਦੀਆਂ ਪੇਂਡੂ ਖੇਡਾਂ ਤੋਂ ਵਿਸ਼ਵ ਦੀਆਂ ਓਲੰਪਿਕ ਖੇਡਾਂ ਤਕ ਇਸ ਫ਼ਰਕ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ ਜੋ ਟੋਕੀਓ ਵਿਚ ਵੀ ਹੋਏ।
1928 ਤੋਂ 1980 ਤਕ ਹਾਕੀ ਦੀ ਦੁਨੀਆ ਵਿਚ ਭਾਰਤ ਮੀਰੀ ਮੰਨਿਆ ਜਾਂਦਾ ਸੀ। ਇਸ ਦੌਰਾਨ 12 ਓਲੰਪਿਕ ਖੇਡਾਂ ਹੋਈਆਂ ਜਿਨ੍ਹਾਂ ਵਿਚੋਂ ਭਾਰਤੀ ਹਾਕੀ ਟੀਮਾਂ ਨੇ 8 ਸੋਨ ਤਗ਼ਮੇ, 1 ਚਾਂਦੀ ਤੇ 2 ਕਾਂਸੀ ਦੇ ਤਗ਼ਮੇ ਜਿੱਤੇ ਸਨ। ਕੇਵਲ 1976 ਦੀ ਓਲੰਪਿਕ ਵਿਚੋਂ ਕੋਈ ਤਗ਼ਮਾ ਨਹੀਂ ਸੀ ਜਿੱਤਿਆ ਕਿਉਂਕਿ ਯੂਰਪ ਦੇ ਹਾਕੀ ਅਧਿਕਾਰੀ ਕੁਦਰਤੀ ਘਾਹ ਵਾਲੇ ਖੇਡ ਮੈਦਾਨ ਦੀ ਥਾਂ ਮਸਨੂਈ ਐਸਟਰੋਟਰਫ਼ ਲੈ ਆਏ ਸਨ। ਜਦੋਂ ਤਕ ਭਾਰਤ ਹਾਕੀ ਰਾਹੀਂ ਦੁਨੀਆ ਉੱਤੇ ਜਿੱਤ ਹਾਸਲ ਕਰਦਾ ਰਿਹਾ ਉਦੋਂ ਤਕ ਭਾਰਤ ਹਾਕੀ ਨੂੰ ਆਪਣੀ ਕੌਮੀ ਖੇਡ ਮੰਨਦਾ ਰਿਹਾ। ਫਿਰ ਆਮ ਭਾਰਤ ਵਾਸੀਆਂ ਦਾ ਧਿਆਨ ਕ੍ਰਿਕਟ ਵੱਲ ਕਰ ਦਿੱਤਾ ਗਿਆ। ਕ੍ਰਿਕਟ ਵਿਚ ਅਰਬਾਂ ਖਰਬਾਂ ਰੁਪਏ ਆ ਗਏ। ਲੱਖਾਂ ਕਰੋੜਾਂ ਰੁਪਈਆਂ ਨਾਲ ਖਿਡਾਰੀ ਖਰੀਦੇ ਤੇ ਵੇਚੇ ਜਾਣ ਲੱਗੇ। ‘ਭਾਰਤ ਦੇ ਰਤਨ’ ਹਾਕੀ ਦੇ ‘ਗੋਲਡਨ ਹੈਟ੍ਰਿਕ’ ਮਾਰਨ ਵਾਲੇ ਖਿਡਾਰੀ ਨਹੀਂ, ਕ੍ਰਿਕਟ ਦੇ ਚੌਕੇ ਛਿੱਕੇ ਮਾਰਨ ਵਾਲੇ ਮੰਨੇ ਜਾਣ ਲੱਗੇ।
ਕ੍ਰਿਕਟ ਦੇ ਹਾਵੀ ਹੋ ਜਾਣ ਨਾਲ ਭਾਰਤੀ ਹਾਕੀ ਦਾ ਅੱਧੀ ਸਦੀ ਤੋਂ ਲਿਸ਼ਕਦਾ ਸੂਰਜ ਐਸਾ ਅਸਤ ਹੋਇਆ ਕਿ ਲਗਾਤਾਰ ਨੌਂ ਓਲੰਪਿਕ ਖੇਡਾਂ ਵਿਚ ਨਾ ਤਿਰੰਗਾ ਲਹਿਰਾਇਆ ਜਾ ਸਕਿਆ ਤੇ ਨਾ ਜਨ ਗਨ ਮਨ ਗੂੰਜਿਆ। 41 ਸਾਲਾਂ ਤੋਂ ਭਾਰਤੀ ਹਾਕੀ ਟੀਮ ਕਿਸੇ ਵੀ ਤਗ਼ਮੇ ਲਈ ਵਿਕਟਰੀ ਸਟੈਂਡ ’ਤੇ ਚੜ੍ਹਨ ਜੋਗੀ ਨਾ ਹੋਈ। ਇੱਥੋਂ ਤਕ ਕਿ ਫਾਡੀ ਵੀ ਰਹਿੰਦੀ ਰਹੀ ਤੇ ਪੇਈਚਿੰਗ 2008 ਦੀਆਂ ਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਲਈ ਕੁਆਲੀਫਾਈ ਵੀ ਨਾ ਕਰ ਸਕੀ। 41 ਸਾਲ ਨਾ ਸਿਰਫ਼ ਓਲੰਪਿਕ ਖੇਡਾਂ ਵਿਚ ਸਗੋਂ ਵਿਸ਼ਵ ਹਾਕੀ ਕੱਪ ਜਾਂ ਚੈਂਪੀਅਨਜ਼ ਟਰਾਫੀ ਵਿਚ ਵੀ ਕੋਈ ਤਗ਼ਮਾ ਨਹੀਂ ਜਿੱਤ ਸਕੀ। ਅੱਧੀ ਸਦੀ ਤਕ ਹਾਕੀ ਦੀਆਂ ਪੁਰਾਣੀਆਂ ਸ਼ਾਨਦਾਰ ਜਿੱਤਾਂ ਤੇ ਅੱਧੀ ਸਦੀ ਦੇ ਨੇੜ ਦੀਆਂ ਨਮੋਸ਼ੀ ਭਰੀਆਂ ਹਾਰਾਂ ਪਿੱਛੋਂ ਹੁਣ ਹਾਕੀ ਦੇ ਵਿਕਟਰੀ ਸਟੈਂਡ ’ਤੇ ਚੜ੍ਹਨਾ ਜਾਂ ਚੜ੍ਹਨ ਦੇ ਨੇੜੇ ਖੜ੍ਹਨਾ ਖੇੜੇ ਕਿਵੇਂ ਨਾ ਲਿਆਉਂਦਾ? ਜਿਨ੍ਹਾਂ ਨੇ ਟੋਕੀਓ ਦੇ ਹਾਕੀ ਮੈਚ ਟੀਵੀ ਤੋਂ ਅੱਖੀਂ ਵੇਖੇ ਹਨ ਉਨ੍ਹਾਂ ਨੂੰ ਪੁੱਛੋ ਕਿਵੇਂ ਉਨ੍ਹਾਂ ਦਾ ਸੇਰ ਸੇਰ ਲਹੂ ਵਧਿਆ। ਭਾਰਤੀ ਖਿਡਾਰੀ ਜਿੱਤੇ ਵੀ ਸ਼ਾਨ ਨਾਲ ਤੇ ਹਾਰੇ ਤਾਂ ਵੀ ਜੁਝਾਰੂਆਂ ਵਾਂਗ। ਹੁਣ ਉਨ੍ਹਾਂ ਨੇ ਹਾਕੀ ਦੀ ਖੇਡ ਨੂੰ ਮੁੜ ਕੌਮੀ ਖੇਡ ਬਣਨ ਦੇ ਰਾਹ ਪਾ ਦਿੱਤਾ ਹੈ।
ਟੋਕੀਓ ਹਾਕੀ ਦੇ ਮੁਕਾਬਲਿਆਂ ਵਿਚ ਬੈਲਜੀਅਮ ਦੀ ਹਾਕੀ ਟੀਮ ਪਹਿਲੇ, ਆਸਟਰੇਲੀਆ ਦੂਜੇ, ਭਾਰਤ ਤੀਜੇ ਤੇ ਜਰਮਨੀ ਦੀ ਟੀਮ ਚੌਥੇ ਥਾਂ ਰਹੀ। ਔਰਤਾਂ ਦੇ ਮੁਕਾਬਲਿਆਂ ਵਿਚ ਨੈਦਰਲੈਂਡਜ਼ ਪਹਿਲੇ, ਅਰਜਨਟੀਨਾ ਦੂਜੇ, ਬਰਤਾਨੀਆ ਤੀਜੇ ਤੇ ਭਾਰਤ ਚੌਥੀ ਥਾਂ ਰਹੇ। ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਹੁਣ ਤਕ ਮਰਦਾਂ ਦੀਆਂ ਹਾਕੀ ਟੀਮਾਂ ਦੇ 24 ਵਾਰ ਮੁਕਾਬਲੇ ਹੋਏ ਹਨ ਜਿਨ੍ਹਾਂ ਵਿਚੋਂ ਭਾਰਤ ਨੇ 8 ਗੋਲਡ ਮੈਡਲ, ਪਾਕਿਸਤਾਨ ਨੇ 3, ਬਰਤਾਨੀਆ 3, ਜਰਮਨੀ 3, ਨੀਦਰਲੈਂਡਜ਼ 2, ਆਸਟਰੇਲੀਆ 1, ਵੈਸਟ ਜਰਮਨੀ 1, ਅਰਜਨਟੀਨਾ 1, ਨਿਊਜ਼ੀਲੈਂਡ 1 ਅਤੇ ਬੈਲਜੀਅਮ ਨੇ 1 ਗੋਲਡ ਮੈਡਲ ਜਿੱਤਿਆ ਹੈ। ਔਰਤਾਂ ਦੀਆਂ ਹਾਕੀ ਟੀਮਾਂ ਦੇ ਓਲੰਪਿਕ ਖੇਡਾਂ ਵਿਚ 1980 ਤੋਂ ਹੁਣ ਤਕ 11 ਵਾਰ ਓਲੰਪਿਕ ਮੁਕਾਬਲੇ ਹੋਏ ਹਨ। ਉਨ੍ਹਾਂ ਵਿਚੋਂ ਨੀਦਰਲੈਂਡਜ਼ ਨੇ 4 ਗੋਲਡ ਮੈਡਲ, ਆਸਟਰੇਲੀਆ 3, ਜਰਮਨੀ 1, ਬਰਤਾਨੀਆ 1, ਜ਼ਿੰਬਾਵੇ 1 ਅਤੇ ਸਪੇਨ ਨੇ 1 ਗੋਲਡ ਮੈਡਲ ਜਿੱਤਿਆ ਹੈ। ਭਾਰਤ ਦੀ ਹਾਕੀ ਟੀਮ ਟੋਕੀਓ ਵਿਚ ਪਹਿਲੀ ਵਾਰ ਸੈਮੀ ਫਾਈਨਲ ਖੇਡੀ ਹੈ ਅਤੇ ਖ਼ੂਬ ਖੇਡੀ ਹੈ। ਭਾਰਤ ਦੀਆਂ ਦੋਵਾਂ ਟੀਮਾਂ ਨੇ ਭਾਰਤੀਆਂ ਦਾ ਹਾਕੀ ਵਿਚ ਭਰੋਸਾ ਪੱਕਾ ਕਰ ਦਿੱਤਾ ਹੈ ਜਿਸ ਤੋਂ ਆਉਂਦੇ ਸਾਲਾਂ ਵਿਚ ਵੱਡੀਆਂ ਉਮੀਦਾਂ ਰੱਖੀਆਂ ਜਾ ਸਕਦੀਆਂ ਹਨ। ਇਹਦੇ ਵਿਚ ਜਿੱਥੇ ਖਿਡਾਰੀਆਂ ਤੇ ਕੋਚ ਸਾਹਿਬਾਨ ਦੀ ਮਿਹਨਤ ਅਤੇ ਖੇਡ ਪ੍ਰਬੰਧਕਾਂ ਦਾ ਹੱਥ ਹੈ, ਉੱਥੇ ਉੜੀਸਾ ਦੀ ਨਵੀਨ ਪਟਨਾਇਕ ਸਰਕਾਰ ਦਾ ਵੀ ਵਿਸ਼ੇਸ਼ ਸਹਿਯੋਗ ਹੈ। ਉਵੇਂ ਹੀ ਜਿਵੇਂ 1975 ਵਿਚ ਪੰਜਾਬ ਸਰਕਾਰ ਨੇ ਭਾਰਤ ਨੂੰ ਵਿਸ਼ਵ ਹਾਕੀ ਕੱਪ ਜਿੱਤਣ ਵਾਲੀ ਹਾਕੀ ਟੀਮ ਤਿਆਰ ਕਰਨ ਵਿਚ ਦਿੱਤਾ ਸੀ।
ਬੇਸ਼ੱਕ ਟੋਕੀਓ ਓਲੰਪਿਕ ਭਾਰਤੀ ਹਾਕੀ ਦੀ ਭਾਗਾਂ ਭਰੀ ਸਵੇਰ ਬਣ ਕੇ ਆਈ ਹੈ। ਇਹੋ ਕਾਰਨ ਹੈ ਕਿ ਓਲੰਪਿਕ ਖੇਡਾਂ ਵਿਚੋਂ ਹਾਕੀ ਦਾ ਕਾਂਸੀ ਦਾ ਤਗ਼ਮਾ ਜਿੱਤਣ ਨੂੰ ਸੋਨ ਤਗ਼ਮਾ ਸਮਝਿਆ ਜਾ ਰਿਹਾ ਹੈ। ਜਿੰਨੀ ਖ਼ੁਸ਼ੀ ਹੁਣ ਭਾਰਤ ਨੇ ਹਾਕੀ ਦੇ ਬਰਾਂਜ਼ ਮੈਡਲ ਜਿੱਤਣ ਦੀ ਮਨਾਈ ਹੈ ਏਨੀ ਖ਼ੁਸ਼ੀ ਕਦੇ ਓਲੰਪਿਕ ਦੇ ‘ਗੋਲਡਨ ਹੈਟ੍ਰਿਕ’ ਮਾਰਨ ’ਤੇ ਵੀ ਨਹੀਂ ਸੀ ਮਨਾਈ ਗਈ। ਪਹਿਲੇ ਓਲੰਪਿਕ ਜੇਤੂਆਂ ਨੂੰ ਨਕਦ ਇਨਾਮ ਨਹੀਂ ਸਨ ਮਿਲਦੇ ਹੁੰਦੇ। ਮਾੜੀਆਂ ਮੋਟੀਆਂ ਨੌਕਰੀਆਂ ਮਿਲਦੀਆਂ। ਹੁਣ ਹਰਿਆਣੇ, ਪੰਜਾਬ ਤੇ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਕਰੋੜਾਂ ਦੇ ਇਨਾਮ ਅਤੇ ਖਿਡਾਰੀਆਂ ਨੂੰ ਚੰਗੀਆਂ ਨੌਕਰੀਆਂ ਦੇਣ ਦੇ ਐਲਾਨ ਹੋ ਰਹੇ ਹਨ। ਇਹ ਸਰਕਾਰਾਂ ਦਾ ਪ੍ਰਸ਼ੰਸਾਯੋਗ ਕਾਰਜ ਹੈ।
ਇਹਦੇ ਨਾਲ ਹੀ ਜਿਹੜੇ ਖਿਡਾਰੀ ਭਾਰਤ ਲਈ ‘ਗੋਲਡਨ ਹੈਟ੍ਰਿਕ’ ਮਾਰਦੇ ਰਹੇ ਰਤਾ ਉਨ੍ਹਾਂ ਦੇ ਪਰਿਵਾਰਾਂ ਵੱਲ ਵੀ ਨਜ਼ਰ ਮਾਰ ਲੈਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਭਾਰਤੀ ਹਾਕੀ ਟੀਮ ਨੂੰ ਕਰੋੜ ਰੁਪਏ ਦੇ ਇਨਾਮ ਦੇਣ ਦਾ ਨੇਕ ਕਾਰਜ ਤਾਂ ਕਰਦੀ ਹੈ, ਪਰ ਬਿਧੀ ਚੰਦ ਦੇ ਵਾਰਸ ਵਿਸ਼ਵ ਦੇ ਅੱਵਲ ਨੰਬਰ ਹਾਕੀ ਖਿਡਾਰੀ ਬਲਬੀਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿਚ ਸੁਸ਼ੋਭਿਤ ਕਰਨ ਦਾ 2020 ਵਿਚ ਐਲਾਨ ਕਰ ਕੇ ਵੀ ਹੁਣ ਤਕ ਪਤਾ ਨਹੀਂ ਅਮਲ ਕਿਉਂ ਨਹੀਂ ਕਰਦੀ? ਟੋਕੀਓ ਓਲੰਪਿਕ ਦੇ ਖਿਡਾਰੀਆਂ ਲਈ ਐਲਾਨੇ ਜਾ ਰਹੇ ਇਨਾਮ ਅਤੇ ਚੰਗੀਆਂ ਨੌਕਰੀਆਂ ਵੀ ਕਿਤੇ ਐਲਾਨ ਹੀ ਨਾ ਰਹਿ ਜਾਣ ਸਗੋਂ ਤੁਰੰਤ ਅਮਲ ਹੋਵੇ। ਇਨਾਮ ਸਨਮਾਨ ਤੇ ਹੋਰ ਸਹੂਲਤਾਂ ਖਿਡਾਰੀਆਂ ਨੂੰ ਖ਼ੈਰਾਤ ਵਾਂਗ ਮੰਗਣੀਆਂ ਨਾ ਪੈਣ ਅਤੇ ਖਿਡਾਰੀ ਜਿੱਤ ਦੇ ਜਲੌਅ ਵਿਚ ਕਿਤੇ ਆਪਣੀ ਖੇਡ ਤੋਂ ਅਵੇਸਲੇ ਨਾ ਹੋ ਜਾਣ। ਅੱਗੇ ਚੈਂਪੀਅਨਜ਼ ਟਰਾਫੀ ਆਉਣ ਵਾਲੀ ਹੈ, ਵਿਸ਼ਵ ਹਾਕੀ ਕੱਪ ਵੀ ਤੇ ਤਿੰਨਾਂ ਸਾਲਾਂ ਤਕ ਪੈਰਿਸ ਦੀਆਂ ਓਲੰਪਿਕ ਖੇਡਾਂ ਵੀ। ਜਿੱਤ ਦੀਆਂ ਖ਼ੁਸ਼ੀਆਂ ਜ਼ਰੂਰ ਮਨਾਓ, ਪਰ ਅਗਲੀ ਜਿੱਤ ਲਈ ਕਮਰਕਸੇ ਵੀ ਕਸੀ ਰੱਖੋ। ਵੇਖਣਾ ਕਿਤੇ ਚੜ੍ਹਦਾ ਸੂਰਜ ਦੁਪਹਿਰ ਤੋਂ ਪਹਿਲਾਂ ਹੀ ਨਾ ਡੁੱਬ ਜਾਵੇ।
ਭਾਰਤ ਵਿਚ ਹਾਕੀ ਦੀ ਖੇਡ ਅੰਗਰੇਜ਼ ਲਿਆਏ ਸਨ। ਚਾਰ ਹਜ਼ਾਰ ਸਾਲ ਪਹਿਲਾਂ ਹਾਕੀ ਵਰਗੀ ਖੇਡ ਮਿਸਰ ਵਿਚ ਖੇਡੀ ਜਾਂਦੀ ਸੀ। ਉੱਥੋਂ ਇਹ ਇਰਾਨ ਆਈ, ਯੂਨਾਨ ਗਈ ਤੇ ਫਿਰ ਰੋਮਨਾਂ ਵਿਚ ਪ੍ਰਚੱਲਤ ਹੋਈ। ਰੋਮਨਾਂ ਨੇ ਇਹਦਾ ਨਾਂ ‘ਪਗਨੇਸ਼ੀਆ’ ਰੱਖਿਆ ਤੇ ਉਹ ਇਹਨੂੰ ਯੂਰਪ ਦੇ ਹੋਰਨਾਂ ਮੁਲਕਾਂ ਵਿਚ ਲੈ ਗਏ। ਆਇਰਲੈਂਡ ਵਾਲੇ ਇਸ ਨੂੰ ‘ਹਰਲੇ’ ਕਹਿਣ ਲੱਗੇ ਤੇ ਸਕਾਟਲੈਂਡ ਵਾਲੇ ‘ਸ਼ਿੰਟੀ’। ਫਰਾਂਸ ਵਿਚ ਇਸ ਨੂੰ ‘ਹੌਕਿਟ’ ਕਿਹਾ ਜਾਣ ਲੱਗਾ। ਇੰਗਲੈਂਡ ’ਚ ਪਹਿਲਾਂ ਇਸ ਦਾ ਨਾਂ ‘ਕਾਮਕ’ ਰੱਖਿਆ ਗਿਆ ਤੇ ਪਿੱਛੋਂ ‘ਬੈਂਡੀ’। ‘ਹਾਕੀ’ ਨਾਂ ਪਹਿਲੀ ਵਾਰ 1838 ਵਿਚ ਵਰਤਿਆ ਗਿਆ।
ਉਨ੍ਹੀਵੀਂ ਸਦੀ ਦੇ ਅਖ਼ੀਰ ਵਿਚ ਬ੍ਰਿਟਿਸ਼ ਹਾਕੀ ਐਸੋਸੀਏਸ਼ਨ ਬਣੀ ਅਤੇ 1894 ਵਿਚ ਇੰਗਲੈਂਡ ਤੇ ਆਇਰਲੈਂਡ ਵਿਚਕਾਰ ਹਾਕੀ ਮੈਚ ਹੋਇਆ। 1900 ਵਿਚ ਅੰਤਰਰਾਸ਼ਟਰੀ ਹਾਕੀ ਬੋਰਡ ਦੀ ਸਥਾਪਨਾ ਹੋਈ ਜਿਸ ਦੇ ਦਸ ਦੇਸ਼ ਮੈਂਬਰ ਬਣੇ। ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ 1924 ’ਚ ਬਣੀ ਜਿਸ ਦਾ ਛੋਟਾ ਨਾਂ ਐੱਫਆਈਐੱਚ ਹੈ। ਹੁਣ ਇਸ ਦੇ 130 ਤੋਂ ਵੱਧ ਦੇਸ਼ ਮੈਂਬਰ ਹਨ। 1908 ਵਿਚ ਲੰਡਨ ਦੀਆਂ ਓਲੰਪਿਕ ਖੇਡਾਂ ’ਚ ਹਾਕੀ ਪਹਿਲੀ ਵਾਰ ਖੇਡੀ ਗਈ ਸੀ ਜਿਸ ਦਾ ਸੋਨ ਤਗ਼ਮਾ ਇੰਗਲੈਂਡ ਦੀ ਟੀਮ ਨੇ ਜਿੱਤਿਆ। 1920 ਵਿਚ ਐਂਟਵਰਪ ਦੀਆਂ ਓਲੰਪਿਕ ਖੇਡਾਂ ’ਚ ਹਾਕੀ ਦੁਬਾਰਾ ਸ਼ਾਮਲ ਕੀਤੀ ਤਾਂ ਇੰਗਲੈਂਡ ਫਿਰ ਜੇਤੂ ਰਿਹਾ। ਤਦ ਤਕ ਅੰਗਰੇਜ਼ਾਂ ਨੇ ਹਾਕੀ ਭਾਰਤ ਵਿਚ ਵੀ ਪੁਚਾ ਦਿੱਤੀ ਸੀ। ਫ਼ੌਜੀ ਛਾਉਣੀਆਂ ਵਿਚ ਹਾਕੀ ਦੇ ਮੈਚ ਹੋਣ ਲੱਗ ਪਏ ਸਨ। ਭਾਰਤ ਵਿਚ ਹਾਕੀ ਵਰਗੀ ਖੇਡ ਖਿੱਦੋ ਖੂੰਡੀ ਪਹਿਲਾਂ ਹੀ ਖੇਡੀ ਜਾਂਦੀ ਸੀ ਜਿਸ ਕਰਕੇ ਹਾਕੀ ਛੇਤੀ ਹੀ ਭਾਰਤੀਆਂ ’ਚ ਮਕਬੂਲ ਹੋ ਗਈ। ਜਲੰਧਰ ਛਾਉਣੀ ਦੇ ਲਾਗਲੇ ਪਿੰਡਾਂ ਲਈ ਹਾਕੀ ਦੀ ਖੇਡ ਰੱਬ ਨੇ ਦਿੱਤੀਆਂ ਗਾਜਰਾਂ ਵਿਚੇ ਰੰਬਾ ਰੱਖ ਵਾਲੀ ਗੱਲ ਬਣ ਗਈ। ਨਿੱਕੇ ਜਿਹੇ ਪਿੰਡ ਸੰਸਾਰਪੁਰ ਨੇ ਭਾਰਤੀ ਹਾਕੀ ਟੀਮਾਂ ਨੂੰ ਪੂਰੀ ਇਲੈਵਨ ਤੋਂ ਕਿਤੇ ਵੱਧ ਹਾਕੀ ਖਿਡਾਰੀ ਦਿੱਤੇ। ਪਿੰਡ ਮਿੱਠਾਪੁਰ ਨੇ ਓਲੰਪਿਕ ਕਪਤਾਨ ਪਰਗਟ ਸਿੰਘ ਹੀ ਨਹੀਂ ਦਿੱਤਾ। ਟੋਕੀਓ ਓਲੰਪਿਕ ਲਈ ਤਿੰਨ ਖਿਡਾਰੀ, ਟੀਮ ਕਪਤਾਨ ਮਨਪ੍ਰੀਤ ਸਿੰਘ, ਮਨਦੀਪ ਸਿੰਘ ਤੇ ਵਰੁਣ ਕੁਮਾਰ ਵੀ ਦਿੱਤੇ। ਇਸ ਟੀਮ ਦੇ ਵੀਹ ਖਿਡਾਰੀਆਂ ਵਿਚ ਗਿਆਰਾਂ ਖਿਡਾਰੀ ਪੰਜਾਬ ਦੇ ਪਿੰਡਾਂ ਤੋਂ ਖੇਡੇ ਅਤੇ ਲੜਕੀਆਂ ਦੀ ਹਾਕੀ ਟੀਮ ਵਿਚ 9 ਖਿਡਾਰਨਾਂ ਹਰਿਆਣੇ ਦੇ ਪਿੰਡਾਂ ਦੀਆਂ ਖੇਡੀਆਂ। ਲਗਭਗ ਸਾਰੇ ਖਿਡਾਰੀ ਤੇ ਖਿਡਾਰਨਾਂ ਸਧਾਰਨ ਕਿਰਤੀ ਕਿਸਾਨਾਂ ਦੇ ਜਾਏ ਹਨ ਜਿਨ੍ਹਾਂ ਦਾ ਵੇਰਵਾ ਕਦੇ ਫੇਰ ਸਹੀ।
1975 ਵਿਚ ਭਾਰਤੀ ਟੀਮ ਨੇ ਵਿਸ਼ਵ ਹਾਕੀ ਕੱਪ (ਅਜੇ ਤਕ ਇਕੋ ਵਾਰ) ਜਿੱਤਿਆ ਸੀ ਤੇ 1980 ਵਿਚ ਮਾਸਕੋ ਦੀਆਂ ਓਲੰਪਿਕ ਖੇਡਾਂ ’ਚੋਂ ਸੋਨੇ ਦਾ ਤਗ਼ਮਾ ਹਾਸਲ ਕੀਤਾ ਸੀ। ਇਹ ਤਗ਼ਮਾ ਆਸਟਰੇਲੀਆ, ਪਾਕਿਸਤਾਨ, ਹਾਲੈਂਡ, ਜਰਮਨੀ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਦੇ ਬਾਈਕਾਟ ਕਾਰਨ ਭਾਰਤ ਦੇ ਹੱਥ ਆਇਆ ਸੀ। ਪਰ ਪਿਛਲੇ ਚਾਰ ਦਹਾਕਿਆਂ ਤੋਂ ਭਾਰਤੀ ਟੀਮ ਓਲੰਪਿਕ, ਵਿਸ਼ਵ ਕੱਪ ਤੇ ਚੈਂਪੀਅਨਜ਼ ਟਰਾਫੀ ਵਿਚ ਖਾਲੀ ਹੱਥ ਰਹਿੰਦੀ ਰਹੀ। ਸੁਆਲ ਪੈਦਾ ਹੁੰਦਾ ਹੈ ਕਿ ਏਡਾ ਸ਼ਾਨਦਾਰ ਪਿਛੋਕੜ ਰੱਖਦੀ ਭਾਰਤੀ ਹਾਕੀ ਨੂੰ ਹੋ ਕੀ ਗਿਆ ਸੀ?
ਓਲੰਪਿਕ ਖੇਡਾਂ ਦੇ ਸੋਨ ਤਗ਼ਮੇ ਇੰਡੀਆ ਨੇ ਉਦੋਂ ਜਿੱਤਣੇ ਸ਼ੁਰੂ ਕੀਤੇ ਸਨ ਜਦੋਂ ਮੁਲਕ ਅੰਗਰੇਜ਼ਾਂ ਦਾ ਗ਼ੁਲਾਮ ਸੀ। ਉਸ ਵਿਚ ਐਂਗਲੋ ਇੰਡੀਅਨ ਖਿਡਾਰੀ ਵੀ ਖੇਡਦੇ ਸਨ ਜਦੋਂਕਿ ਬਰਤਾਨੀਆ ਆਪਣੇ ਨਾਂ ’ਤੇ ਟੀਮ ਨਹੀਂ ਸੀ ਭੇਜਦਾ ਪਈ ਉਨ੍ਹਾਂ ਦਾ ਗ਼ੁਲਾਮ ਇੰਡੀਆ ਕਿਤੇ ਹਰਾ ਨਾ ਦੇਵੇ! ਭਾਰਤ ਆਜ਼ਾਦ ਹੋਇਆ ਤਾਂ ਐਂਗਲੋ ਇੰਡੀਅਨ ਵਾਪਸ ਚਲੇ ਗਏ ਅਤੇ ਪੰਜਾਬ ਦਾ ਹਾਕੀ ਖੇਡਣ ਵਾਲਾ ਕਾਫ਼ੀ ਸਾਰਾ ਇਲਾਕਾ ਪਾਕਿਸਤਾਨ ਵਿਚ ਚਲਾ ਗਿਆ, ਪਰ ਭਾਰਤ ਫਿਰ ਵੀ ਜਿੱਤਦਾ ਰਿਹਾ। ਫਿਰ ਪਾਕਿਸਤਾਨ ਦੀ ਹਾਕੀ ਟੀਮ ਜਿੱਤਣ ਲੱਗੀ ਤਾਂ ਸੋਚਿਆ ਚਲੋ ਪਾਕਿਸਤਾਨ ਵੀ ਤਾਂ ਪਹਿਲਾਂ ਇੰਡੀਆ ਹੀ ਹੁੰਦਾ ਸੀ। ਪਿਛਲੇ ਕਾਫ਼ੀ ਸਾਲਾਂ ਤੋਂ ਨਾ ਪਾਕਿਸਤਾਨ ਜਿੱਤ ਰਿਹਾ ਹੈ ਅਤੇ ਨਾ ਭਾਰਤ ਸਗੋਂ ਉਹ ਮੁਲਕ ਜਿੱਤ ਰਹੇ ਨੇ ਜਿਹੜੇ ਕਦੇ ਹਾਕੀ ਵਿਚ ਬਹੁਤ ਪਿੱਛੇ ਸਨ। ਜਿਵੇਂ ਪੇਈਚਿੰਗ ਓਲੰਪਿਕ ਖੇਡਣ ਲਈ ਭਾਰਤ ਦੀ ਟੀਮ ਕੁਆਲੀਫਾਈ ਨਹੀਂ ਸੀ ਕਰ ਸਕੀ, ਉਵੇਂ ਟੋਕੀਓ ਓਲੰਪਿਕ ਵਿਚ ਪਾਕਿਸਤਾਨ ਦੀ ਹਾਕੀ ਟੀਮ ਕੁਆਲੀਫਾਈ ਨਹੀਂ ਕਰ ਸਕੀ।
ਬਾਰੀਕੀ ਨਾਲ ਘੋਖ ਕਰੀਏ ਤਾਂ ਭਾਰਤ ਦੀਆਂ ਹਾਕੀ ਟੀਮਾਂ ਉਦੋਂ ਸੋਨ ਤਗ਼ਮੇ ਜਿੱਤਦੀਆਂ ਰਹੀਆਂ ਜਦੋਂ ਘੱਟ ਮੁਲਕ ਹਾਕੀ ਖੇਡਦੇ ਸਨ ਜਾਂ ਭਾਰਤ ਵਾਂਗ ਸ਼ਿੱਦਤ ਨਾਲ ਹਾਕੀ ਨਹੀਂ ਸਨ ਖੇਡਦੇ। ਉਦੋਂ ਜਿੱਤ-ਮੰਚ ’ਤੇ ਚੜ੍ਹਨਾ ਸੁਖਾਲਾ ਸੀ। 1932 ਵਿਚ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ ਸਮੇਂ ਤਾਂ ਟੀਮਾਂ ਹੀ ਸਿਰਫ਼ ਤਿੰਨ ਸਨ। ਉਹ ਵੀ ਜਾਪਾਨ ਤੇ ਮੇਜ਼ਬਾਨ ਅਮਰੀਕਾ ਦੀਆਂ ਜਿਨ੍ਹਾਂ ਸਿਰ ਇੰਡੀਆ ਨੇ 11 ਤੇ 24 ਗੋਲ ਕੀਤੇ। ਹੁਣ ਕੋਈ ਟੀਮ ਏਨੀ ਮਾੜੀ ਨਹੀਂ ਹੁੰਦੀ ਕਿ 24 ਗੋਲ ਖਾਵੇ!
ਮੌਂਟਰੀਅਲ ਓਲੰਪਿਕ 1976 ਤੋਂ ਹਾਕੀ ਐਸਟ੍ਰੋਟਰਫ਼ ’ਤੇ ਖੇਡੀ ਜਾਣ ਲੱਗੀ ਹੈ। ਹਾਕੀ ਦੇ ਨਿਯਮਾਂ ਵਿਚ ਵੀ ਬੜੀ ਤਬਦੀਲੀ ਆਈ ਹੈ। ਇਹ ਡਰਬਿਲਿੰਗ ਤੇ ਨਿੱਕੇ ਪਾਸਾਂ ਦੀ ਥਾਂ ਲੰਮੇ ਪਾਸ, ਜ਼ੋਰਦਾਰ ਹਿੱਟ, ਤੇਜ਼ ਰਫ਼ਤਾਰੀ ਤੇ ਤਾਕਤ ਦੀ ਖੇਡ ਬਣ ਗਈ ਹੈ। ਇਹਦੇ ਲਈ ਸਰੀਰਕ ਤੌਰ ’ਤੇ ਵੱਧ ਤਕੜੇ ਤੇ ਵਧੇਰੇ ਤੇਜ਼ ਦੌੜਨ ਵਾਲੇ ਖਿਡਾਰੀਆਂ ਦੀ ਲੋੜ ਹੈ। ਪੈਨਲਟੀ ਕਾਰਨਰ ਦੇ ਗੋਲ ਕਰਨ ਲਈ ਬਲਵਾਨ ਬਾਹਾਂ ਚਾਹੀਦੀਆਂ ਹਨ। ਸੱਠ ਮਿੰਟਾਂ ਦੇ ਚਾਰ ਕੁਆਟਰ ਖੇਡਣ ਲਈ ਸੌ ਮਿੰਟ ਖੇਡਣ ਦਾ ਦਮ ਚਾਹੀਦਾ ਹੈ। ਨਾਲ ਜੂਝ ਮਰੋਂ ਤੇ ਨਿਸਚੈ ਕਰ ਆਪਨੀ ਜੀਤ ਕਰੋਂ ਦਾ ਜਜ਼ਬਾ ਵੀ ਹੋਵੇ। ਜਦੋਂ ਭਾਰਤ ਆਜ਼ਾਦ ਹੋਇਆ ਤਾਂ ਕੁਝ ਸਾਲ ਇਹ ਜਜ਼ਬਾ ਮਘਦਾ ਰਿਹਾ। ਸਮੇਂ ਨਾਲ ਇਹ ਜਜ਼ਬਾ ਮੱਠਾ ਪੈਂਦਾ ਗਿਆ!
ਅਜੋਕੇ ਦੌਰ ਵਿਚ ਆਸਟਰੇਲੀਆ, ਜਰਮਨੀ, ਨੈਦਰਲੈਂਡਜ਼, ਬੈਲਜੀਅਮ, ਬਰਤਾਨੀਆ, ਅਰਜਨਟੀਨਾ, ਸਪੇਨ ਤੇ ਨਿਊਜ਼ੀਲੈਂਡ ਆਦਿ ਦੀਆਂ ਟੀਮਾਂ ਬੜੀਆਂ ਤਕੜੀਆਂ ਹਨ। ਭਾਰਤ ਦੇ ਮਰਦਾਂ ਤੇ ਔਰਤਾਂ ਦੀਆਂ ਹਾਕੀ ਟੀਮਾਂ ਹੁਣ ਉਪਰਲੀਆਂ ਟੀਮਾਂ ਵਿਚ ਆ ਖੜ੍ਹੀਆਂ ਹਨ। ਭਾਰਤੀ ਖਿਡਾਰੀਆਂ ਦੀ ਖੇਡ ਘਾਹ ਵਾਲੇ ਮੈਦਾਨਾਂ ’ਤੇ ਬਿਹਤਰ ਸੀ। ਹੁਣ ਕੌਮਾਂਤਰੀ ਹਾਕੀ ਮੈਚ ਐਸਟ੍ਰੋਟਰਫ ਉੱਤੇ ਹੀ ਖੇਡੇ ਜਾਂਦੇ ਹਨ। ਇਸ ਲਈ ਲੋੜ ਹੈ ਕਿ ਭਾਰਤ ਵਿਚ ਐਸਟ੍ਰੋਟਰਫ ਮੈਦਾਨ ਵਧੇਰੇ ਬਣਾਏ ਜਾਣ। ਜੇਕਰ ਹੋਰਨਾਂ ਮੁਲਕਾਂ ’ਤੇ ਨਜ਼ਰ ਮਾਰੀਏ ਤਾਂ ਇੰਗਲੈਂਡ ਵਿਚ 1000, ਹਾਲੈਂਡ ’ਚ 625, ਆਸਟਰੇਲੀਆ ’ਚ 410, ਜਰਮਨੀ ’ਚ 350 ਤੇ ਨਿਊਜ਼ੀਲੈਂਡ ਵਿਚ 80 ਐਸਟ੍ਰੋਟਰਫ ਹਾਕੀ ਮੈਦਾਨ ਹਨ। ਵਿਸ਼ਾਲ ਦੇਸ਼ ਭਾਰਤ ਵਿਚ ਇਨ੍ਹਾਂ ਦੀ ਗਿਣਤੀ ਹਾਲੇ ਵੀ ਅੱਧਾ ਸੈਂਕੜਾ ਪਾਰ ਨਹੀਂ ਹੋਈ। ਦੱਖਣੀ ਅਫ਼ਰੀਕਾ ਹਾਲੇ ਕੱਲ੍ਹ ਹਾਕੀ ਖੇਡਣ ਲੱਗਾ ਹੈ ਤੇ ਉੱਥੇ 58 ਐਸਟ੍ਰੋਟਰਫ ਹਨ। ਦੱਖਣੀ ਕੋਰੀਆ ਦੀ ਹਾਕੀ ਵਿਚ ਪਛਾਣ 1986 ਤੋਂ ਬਣੀ ਹੈ ਤੇ ਉਸ ਨੇ ਭਾਰਤ ਤੋਂ ਵੱਧ ਐਸਟ੍ਰੋਟਰਫ ਵਿਛਾ ਲਏ ਹਨ।
ਇਕੱਲੇ ਐਸਟ੍ਰੋਟਰਫ ਵੀ ਕੁਝ ਨਹੀਂ ਕਰ ਸਕਦੇ ਜੇਕਰ ਇਨ੍ਹਾਂ ਦੀ ਸੁਚੱਜੀ ਵਰਤੋਂ ਨਾ ਕੀਤੀ ਜਾਵੇ। ਜੇ ਟਰਫ਼ਾਂ ਨੂੰ ਜਿੰਦੇ ਹੀ ਲੱਗੇ ਰਹਿਣ ਤਾਂ ਜਿਹੇ ਬਣਾਏ ਜਿਹੇ ਨਾ ਬਣਾਏ। ਹਰੇਕ ਐਸਟ੍ਰੋਟਰਫ ਨਾਲ ਬਚਪਨ ਤੋਂ ਹਾਕੀ ਖਿਡਾਰੀ ਜੋੜੇ ਜਾਣ। ਘੱਟੋਘੱਟ 100 ਐਸਟ੍ਰੋਟਰਫਾਂ ਉੱਤੇ 400 ਟੀਮਾਂ ਦੀ ਕੋਚਿੰਗ ਹੋਵੇ ਯਾਨੀ ਦੇਸ਼ ਭਰ ’ਚੋਂ 5000 ਹੋਣਹਾਰ ਖਿਡਾਰੀ ਚੁਣੇ ਜਾਣ। ਉਨ੍ਹਾਂ ਦੀ ਖੁਰਾਕ, ਰਿਹਾਇਸ਼ ਤੇ ਪੜ੍ਹਾਈ ਦਾ ਪ੍ਰਬੰਧ ਹੋਵੇ ਅਤੇ 100 ਖ਼ਾਸ ਕੋਚਾਂ ਤੇ ਬਾਕੀ ਆਮ ਕੋਚਾਂ ਰਾਹੀਂ ਕੋਚਿੰਗ ਦਿੱਤੀ ਜਾਵੇ। ਸੌ ਵਿਚੋਂ ਦਸ ਸੈਂਟਰ ਸਪੈਸ਼ਲ ਕੋਚਿੰਗ ਦੇ ਹੋਣ। ਇਹੋ ਜਿਹੇ ਕਾਰਜ ਸੂਝ ਸਿਆਣਪ ਤੇ ਪ੍ਰਚੰਡ ਜਜ਼ਬੇ ਨਾਲ ਹੀ ਕੀਤੇ ਜਾ ਸਕਦੇ ਹਨ। ਜਦੋਂ ਦੇਸ਼ਵਾਸੀਆਂ ’ਚ ਆਜ਼ਾਦੀ ਦਾ ਜਜ਼ਬਾ ਜਾਗਿਆ ਸੀ ਤਾਂ ਜਿੱਤਣ ਲਈ ਖੇਡ ਜਜ਼ਬਾ ਵੀ ਬੁਲੰਦ ਹੋਇਆ ਸੀ। ਅੱਗੋਂ ਵੀ ਜੇ ਭਾਰਤੀ ਹਾਕੀ ਨੂੰ ਪਹਿਲਾਂ ਵਾਲੀ ਬੁਲੰਦੀ ’ਤੇ ਪਹੁੰਚਾਉਣਾ ਹੈ ਤਾਂ ਜੂਝ ਮਰੋਂ ਵਾਲੇ ਨਿਸਚੈ ਦੀ ਲੋੜ ਹੈ। ਅੱਗੋਂ ਐਸੀ ਤੜਪ ਜਗਾਈ ਜਾਵੇ ਜਿਹੜੀ ਜਿੱਤ ਮੰਚ ’ਤੇ ਚੜ੍ਹੇ ਬਿਨਾਂ ਚੈਨ ਨਾ ਲੈਣ ਦੇਵੇ!
ਸੰਪਰਕ: +1-905-799-1661