ਨਿੱਜੀ ਪੱਤਰ ਪ੍ਰੇਰਕ
ਖੰਨਾ, 7 ਅਗਸਤ
ਨੇੜਲੇ ਪਿੰਡ ਬਾਜੀਗਰ ਬਸਤੀ ਭਾਂਦਲਾ ਵਿੱਚ ਸਾਉਣ ਮਹੀਨੇ ਦਾ ਮੁੱਖ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਉਂਦਿਆਂ ਕੰਜਕਾਂ ਦੀ ਪੂਜਾ ਕੀਤੀ ਗਈ। ਇਸ ਮੌਕੇ ਪਿੰਡ ਦੀਆਂ ਕੁੜੀਆਂ ਤੇ ਔਰਤਾਂ ਨੇ ਰਿਵਾਇਤੀ ਪੰਜਾਬੀ ਪਹਿਰਾਵਿਆਂ ਵਿਚ ਸੱਜ ਕੇ ਸੱਭਿਆਚਾਰ ਨਾਲ ਸਬੰਧਤ ਲੋਕ ਨਾਚਾਂ ਤੇ ਗਿੱਧਾ-ਭੰਗੜਾ ਪਾਇਆ। ਇਸ ਮੌਕੇ ਪੰਮੀ ਰਾਣੀ ਨੇ ਪਿੰਡ ਵਾਸੀਆਂ ਨੂੰ ਤੀਆਂ ਦੇ ਤਿਉੁਹਾਰ ਦੀ ਮਹੱਤਤਾ ਤੋਂ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਇਹ ਤਿਉਹਾਰ ਵਿਆਹੀਆਂ ਕੁੜੀਆਂ ਆਪਣੇ ਪੇਕੇ ਘਰ ਆ ਕੇ ਮਨਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਆਪਣੀ ਮਾਂ ਬੋਲੀ ਨੂੰ ਯਾਦ ਰੱਖਦੇ ਹੋਏ ਪੁਰਾਤਨ ਵਿਰਸੇ ਨਾਲ ਜੁੜੇ ਰਹਿਣਾ ਚਾਹੀਦਾ ਹੈ। ਇਸ ਮੌਕੇ ਭਜਨ ਕੌਰ, ਬਿੰਦਰਾ ਰਾਣੀ, ਪੰਮੋ ਰਾਣੀ, ਸਵਰਨ ਰਾਣੀ, ਪਾਸੂ ਦੇਵੀ ਆਦਿ ਹਾਜ਼ਰ ਸਨ।
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਭਾਈ ਹਿੰਮਤ ਸਿੰਘ ਨਗਰ ਗਲੀ ਨੰਬਰ-4 ’ਚ ਇਲਾਕੇ ਦੀਆਂ ਮੁਟਿਆਰਾਂ ਨੇ ਤੀਆਂ ਦਾ ਤਿਉਹਾਰ ਮਨਾਇਆ, ਜਿਸ ਵਿੱਚ ਢੋਲਕੀ ਦੀ ਤਾਲ ’ਤੇ ਬੋਲੀਆਂ ਪਾਈਆਂ ਅਤੇ ਭੰਗੜਾ-ਗਿੱਧਾ ਪੇਸ਼ ਕਰਕੇ ਖੂਬ ਰੌਣਕ ਲਗਾਈ। ਮੋਨਿਕਾ ਸਿੰਗਲਾ ਤੇ ਪਰਮਜੀਤ ਕੌਰ ਦੀ ਅਗਵਾਈ ਹੇਠ ਮੁਟਿਆਰਾਂ ਨੇ ਆਪਣੀਆਂ ਸਾਥਣਾਂ ਨਾਲ ਮਿਲ ਕੇ ਨਵੀਂ ਪੀੜ੍ਹੀ ਨੂੰ ਸੱਭਿਆਚਾਰ ਤੇ ਵਿਰਸੇ ਨਾਲ ਜੋੜਿਆ। ਇਸ ਮੌਕੇ ਰਣਜੀਤ ਕੌਰ ਸਿੱਧੂ, ਗੁਰਵਿੰਦਰ ਕੌਰ, ਰਣਜੀਤ ਕੌਰ, ਗੁਰਪ੍ਰੀਤ ਕੌਰ, ਰੇਨੂੰ, ਕੈਲਾਸ਼ ਤੇ ਮਨਕੌਮਲ ਕੌਰ ਆਦਿ ਵੀ ਹਾਜ਼ਰ ਸਨ।
ਤੀਆਂ ਮੌਕੇ ਕੁੜੀਆਂ ਿਵਚਾਲੇ ਮੁਕਾਬਲੇ
ਸਮਰਾਲਾ (ਪੱਤਰ ਪ੍ਰੇਰਕ): ਕਿੰਡਰ ਗਾਰਟਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਤਾਂ ਜੋ ਵਿਦਿਆਰਥਣਾਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਿਆ ਜਾ ਸਕੇ। ਮੁੱਖ ਮਹਿਮਾਨ ਵਜੋਂ ਸਕੂਲ ਦੇ ਪ੍ਰਿੰਸੀਪਲ ਰਣਜੋਤ ਕੌਰ ਅਤੇ ਡਾਇਰੈਕਟਰ ਸਰਬਜੀਤ ਕੌਰ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮਿਸ ਤੀਜ ਸਹਿਜਪ੍ਰੀਤ ਕੌਰ (ਜਮਾਤ ਨਰਸਰੀ), ਚਰਨਜੀਤ ਵਰਮਾ (ਚੌਥੀ), ਸੁਖਮਨੀ (ਅੱਠਵੀਂ) ਅਤੇ ਐਸ਼ਲੀਨ ਕੌਰ (ਗਿਆਰ੍ਹਵੀ) ਨੂੰ ਚੁਣਿਆ ਗਿਆ। ਮਹਿੰਦੀ ਮੁਕਾਬਲੇ ਵਿੱਚ ਸੁਖਜੀਤ ਕੌਰ (ਬਾਰ੍ਹਵੀਂ) ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਡਾਂਸ ਮੁਕਬਲੇ ਵਿੱਚ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਵਿਦਿਆਰਥਣਾਂ ਦਾ ਰਿਵਾਇਤੀ ਪੰਜਾਬੀ ਪਹਿਰਾਵੇ ਪਾਏ ਜਾਣ ਕਾਰਨ ਉਹ ਸਭ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸਨ।