ਬੰਗਲੂਰੂ: ਭਾਰਤ ਦੇ ਅਲਟਰਾ ਦੌੜਾਕਾਂ ਨੇ ਇੱਥੇ ਕਾਂਤੀਰਵਾ ਸਟੇਡੀਅਮ ਵਿੱਚ ਆਈਏਯੂ 24 ਐੱਚ (24 ਘੰਟੇ) ਏਸ਼ੀਆ ਅਤੇ ਓਸ਼ੀਆਨਾ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ਾਂ ਦੇ ਵਿਅਕਤੀਗਤ ਅਤੇ ਟੀਮ ਮੁਕਾਬਲਿਆਂ ਵਿੱਚ ਖਿਤਾਬ ਜਿੱਤੇ। ਇਸੇ ਤਰ੍ਹਾਂ ਮਹਿਲਾ ਟੀਮ ਵੀ ਦੂਜੇ ਸਥਾਨ ’ਤੇ ਰਹੀ। ਅਮਰ ਸਿੰਘ ਦੇਵਾਂਡਾ ਦੀ ਅਗਵਾਈ ਵਿੱਚ ਭਾਰਤੀ ਪੁਰਸ਼ ਟੀਮ ਨੇ ਸ਼ਨਿਚਰਵਾਰ ਸਵੇਰੇ ਅੱਠ ਵਜੇ ਤੋਂ 24 ਘੰਟਿਆਂ ਵਿੱਚ 739.959 ਕਿਲੋਮੀਟਰ ਦੂਰੀ ਤੈਅ ਕਰ ਕੇ ਆਸਾਨੀ ਨਾਲ ਸੋਨ ਤਗਮਾ ਜਿੱਤ ਲਿਆ। ਅਮਰ ਸਿੰਘ ਨੇ 258.418 ਕਿਲੋਮੀਟਰ ਦਾ ਨਿੱਜੀ ਸਰਬੋਤਮ ਸਫਰ ਤੈਅ ਕੀਤਾ, ਜੋ ਉਸ ਦੇ ਪਿਛਲੇ ਸਰਬੋਤਮ ਪ੍ਰਦਰਸ਼ਨ ਤੋਂ 18 ਕਿਲੋਮੀਟਰ ਵੱਧ ਹੈ। ਇਸ ਮਗਰੋਂ ਸੌਰਵ ਕੁਮਾਰ ਰੰਜਨ (242.564 ਕਿਲੋਮੀਟਰ) ਅਤੇ ਗੀਨੋ ਐਂਟੋਨੀ (238.977 ਕਿਲੋਮੀਟਰ) ਆਏ। ਇਨ੍ਹਾਂ ਤਿੰਨਾਂ ਦੇ ਪ੍ਰਦਰਸ਼ਨ ਨਾਲ ਭਾਰਤ ਨੇ ਵਿਅਕਤੀਗਤ ਵਰਗ ਵਿੱਚ ਸਾਰੇ ਤਗਮੇ ਜਿੱਤ ਲਏ। ਟੀਮ ਵਰਗ ਵਿੱਚ ਆਸਟਰੇਲੀਆ (628.405 ਕਿਲੋਮੀਟਰ) ਦੂਜੇ ਅਤੇ ਚੀਨੀ ਤਾਈਪੇ (563.591 ਕਿਲੋਮੀਟਰ) ਤੀਜੇ ਸਥਾਨ ’ਤੇ ਰਿਹਾ। ਐਤਵਾਰ ਨੂੰ ਭਾਰਤੀ ਮਹਿਲਾ ਟੀਮ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜੇ ਸਥਾਨ ’ਤੇ ਰਹੀ। ਇਸ ਮੁਕਾਬਲੇ ਵਿੱਚ ਭਾਰਤੀ ਟੀਮ ਨੇ 570.70 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ ਪਹਿਲੇ ਸਥਾਨ ’ਤੇ ਰਹੀ ਆਸਟਰੇਲੀਆ (607.63 ਕਿਲੋਮੀਟਰ) ਨੂੰ ਸਖ਼ਤ ਮੁਕਾਬਲਾ ਦਿੱਤਾ। -ਪੀਟੀਆਈ