ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਜੂਨ
ਇੱਥੇ ਜੀਜੀਐੱਨ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਤਕਨਾਲੋਜੀ ਵਿੱਚ ਪੰਜਾਬੀ ਲੋਕ ਵਿਰਾਸਤ ਅਕੈਡਮੀ ਵੱਲੋਂ ਅਮਰੀਕਾ ਰਹਿੰਦੇ ਪੰਜਾਬੀ ਕਵੀ ਕੁਲਵਿੰਦਰ ਦੀ ਤੀਜੀ ਗ਼ਜ਼ਲ ਪੁਸਤਕ ‘ਸ਼ਾਮ ਦੀ ਸ਼ਾਖ’ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਐੱਸ.ਪੀ. ਸਿੰਘ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੇਫੋਰਨੀਆ ਤੋਂ ਸੁਰਿੰਦਰ ਸੀਰਤ, ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਸਰੀ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ, ਇੰਸਟੀਚਿਊਟ ਦੇ ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਛਾਬੜਾ ਅਤੇ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ ਨੇ ਸਾਂਝੇ ਤੌਰ ’ਤੇ ਲੋਕ ਅਰਪਣ ਕੀਤੀ।
ਪ੍ਰੋ. ਗਿੱਲ ਨੇ ਕਿਹਾ, ‘‘ਪੁਸਤਕ ਦਾ ਲੇਖਕ ਕੁਲਵਿੰਦਰ ਭਾਵੇਂ ਕਿ ਕਿਸੇ ਪੱਖੋਂ ਇੰਜਨੀਅਰ ਹੈ ਪਰ ਪੰਜਾਬੀ ਗ਼ਜ਼ਲ ਨੂੰ ਪਿਛਲੇ ਪੈਂਤੀ-ਚਾਲੀ ਸਾਲ ਤੋਂ ਸਮਰਪਿਤ ਹੈ। ਮੈਂ ਉਸ ਦੀ ਅਥਾਹ ਊਰਜਾਵਾਨ ਸ਼ਬਦ ਜੜ੍ਹਤ ਦਾ ਕਾਇਲ ਹਾਂ।’’ ਡਾ. ਐੱਸ.ਪੀ. ਸਿੰਘ ਨੇ ਕਿਹਾ ਕਿ ਕੁਲਵਿੰਦਰ ਵਰਗੇ ਲੇਖਕ ਵਿਦੇਸ਼ਾਂ ’ਚ ਮਾਂ ਬੋਲੀ ਪੰਜਾਬੀ ਦੇ ਰਾਜਦੂਤ ਹੁੰਦੇ ਹਨ। ਉਸ ਦੇ ਤੀਜੇ ਗ਼ਜ਼ਲ ਸੰਗ੍ਰਹਿ ‘ਸ਼ਾਮ ਦੀ ਸ਼ਾਖ’ ਦਾ ਗੁਜਰਾਂਵਾਲਾ ਵਿਦਿਅਕ ਸੰਸਥਾਵਾਂ ’ਚ ਲੋਕ ਅਰਪਨ ਹੋਣਾ ਯਕੀਨਨ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਕਾਲਜ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਨੇੜਲੇ ਭਵਿੱਖ ਵਿੱਚ ਵਿਚਾਰ-ਚਰਚਾ ਵੀ ਕਰਵਾਈ ਜਾਵੇਗੀ। ਡਾ. ਗੁਰਇਕਬਾਲ ਨੇ ਕਿਹਾ ਕਿ ਕੁਲਵਿੰਦਰ ਤੀਸਰੇ ਨੇਤਰ ਰਾਹੀਂ ਸਮਾਜ ਨੂੰ ਦੇਖਣ ਵਾਲਾ ਸ਼ਾਇਰ ਹੈ। ਸੁਰਿੰਦਰ ਸੀਰਤ ਨੇ ਕਿਹਾ, ‘‘ਕੁਲਵਿੰਦਰ, ਸੁਖਵਿੰਦਰ ਕੰਬੋਜ ਤੇ ਅਸੀਂ ਸਾਰੇ ਅਮਰੀਕਾ ਵਿੱਚ ਸਾਹਿਤ ਸਰਗਰਮੀਆਂ ਲਗਾਤਾਰ ਕਰਵਾ ਰਹੇ ਹਾਂ।’’ ਇਸ ਸਮਾਗਮ ਵਿੱਚ ਉਕਤ ਤੋਂ ਇਲਾਵਾ ਡਾ. ਮੁਖਤਿਆਰ ਸਿੰਘ ਧੰਜੂ, ਡਾ. ਭੁਪਿੰਦਰ ਸਿੰਘ, ਡਾ. ਤੇਜਿੰਦਰ ਕੌਰ, ਡਾ. ਮਨਦੀਪ ਕੌਰ ਰੰਧਾਵਾ, ਪ੍ਰੋ. ਸ਼ਰਨਜੀਤ ਕੌਰ ਲੋਚੀ ਅਤੇ ਪ੍ਰੋ. ਜਸਮੀਤ ਕੌਰ ਵੀ ਹਾਜ਼ਰ ਸਨ।