ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 29 ਅਪਰੈਲ
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸਿਹਤ ਵਿਭਾਗ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਜਨਮ ਤੇ ਮੌਤ ਸਬੰਧੀ ਸਰਟੀਫਿਕੇਟ, ਜ਼ਰੂਰੀ ਦਸਤਾਵੇਜ਼ ਬਣ ਗਿਆ ਹੈ, ਇਸ ਲਈ ਇਨ੍ਹਾਂ ਵਿੱਚ ਅੰਕੜਿਆਂ ਦਾ ਇੰਦਰਾਜ ਕਰਨ ਸਮੇਂ ਸਹੀ ਵੇਰਵੇ ਦਰਜ ਕੀਤੇ ਜਾਣ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਾਗਰੂਕਤਾ ਦੀ ਕਮੀ ਕਾਰਨ ਕਈ ਨਾਗਰਿਕ ਆਪਣੇ ਬੱਚਿਆਂ ਦੇ ਜਨਮ ਪ੍ਰਮਾਣ ਪੱਤਰ ਜਾਂ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਆਦਿ ਦੇ ਅਕਾਲ ਚਲਾਣੇ ਤੋਂ ਬਾਅਦ ਵੀ ਲੰਬਾ ਸਮਾਂ ਰਜਿਸਟ੍ਰੇਸ਼ਨ ਨਹੀਂ ਕਰਵਾਉਂਦੇ ਜਿਸ ਕਾਰਨ ਵਿਭਾਗਾਂ ਕੋਲ ਜਨਮ ਤੇ ਮੌਤ ਦੇ ਸੌ ਫੀਸਦੀ ਅੰਕੜੇ ਉਪਲਬਧ ਨਹੀਂ ਹੁੰਦੇ। ਡੀਸੀ ਨੇ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਸਬੰਧਤ ਨਗਰ ਕੌਂਸਲਾਂ, ਨਗਰ ਪੰਚਾਇਤਾਂ ਤੇ ਸਿਹਤ ਵਿਭਾਗ ਦੇ ਅਧਿਕਾਰੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਨਮ ਤੇ ਮੌਤ ਦੀ ਰਜਿਸਟ੍ਰੇਸ਼ਨ ਸਬੰਧੀ ਸਰਗਰਮ ਰਹਿਣਗੇ। ਇਸ ਸਬੰਧੀ ਜ਼ਿਲ੍ਹਾ ਪੱਧਰੀ ਵਿਭਾਗੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦੇ ਚੇਅਰਮੈਨ ਡਿਪਟੀ ਕਮਿਸ਼ਨਰ ਹੋਣਗੇ ਜਦਕਿ ਮੈਂਬਰ ਸਕੱਤਰ ਜ਼ਿਲਾ ਰਜਿਸਟਰਾਰ ਜਨਮ ਤੇ ਮੌਤ-ਕਮ-ਸਿਵਲ ਸਰਜਨ ਨੂੰ ਨਿਯੁਕਤ ਕੀਤਾ ਗਿਆ ਹੈ।