ਪੱਤਰ ਪ੍ਰੇਰਕ
ਤਰਨ ਤਾਰਨ, 7 ਅਗਸਤ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਲਖਵਿੰਦਰ ਸਿੰਘ ਪਲਾਸੌਰ ਅਤੇ ਇਲਾਕੇ ਦੇ ਕਈ ਕਿਸਾਨ ਹਮਦਰਦਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਦੇ ਇਲਾਕੇ ਅੰਦਰ ਸਥਿਤ ਉਸਮਾਂ ਸਬਜ਼ੀ ਖੋਜ ਕੇਂਦਰ ਵਲੋਂ ਇਕ ਕਿਸਾਨ ਨੂੰ ਝੋਨੇ ਦਾ ਮਿਲਾਵਟੀ ਬੀਜ ਦੇਣ ਨਾਲ ਹੋਏ ਨੁਕਸਾਨ ਦੀ ਤੁਰੰਤ ਪੂਰਤੀ ਕੀਤੇ ਜਾਣ ਦੀ ਮੰਗ ਕੀਤੀ ਹੈ| ਆਗੂਆਂ ਨੇ ਅਜਿਹਾ ਨਾ ਕਰਨ ਤੇ ਤਿੱਖਾ ਅੰਦੋਲਨ ਕਰਨ ਦੀ ਚਿਤਾਵਨੀ ਦਿੱਤੀ ਹੈ|
ਕਿਸਾਨ ਦਲੇਰ ਸਿੰਘ ਵਾਈ ਪਲਾਸੌਰ ਨੇ ਝੋਨੇ ਦੀ ਪੀ ਆਰ-121 ਵਰਾਇਟੀ ਦਾ ਬੀਜ ਆਪਣੇ 10 ਏਕੜ ਖੇਤਾਂ ਵਿੱਚ ਬੀਜਣ ਲਈ ਉਸਮਾ ਸਬਜ਼ੀ ਖੋਜ ਕੇਂਦਰ ਤੋਂ ਖਰੀਦਿਆ ਸੀ| ਕਿਸਾਨ ਦੇ ਉਸ ਵੇਲੇ ਹੋਸ਼ ਉੱਡ ਗਏ ਜਦੋਂ ਉਸ ਨੇ ਆਪਣੇ ਖੇਤਾਂ ਵਿੱਚ ਝੋਨੇ ਦੇ ਨਾਲ ਚੋਭਾ ਦੇ ਬੂਟੇ ਉੱਗੇ ਹੋਏ ਦੇਖੇ| ਕਿਸਾਨ ਨਾਲ ਇਕ ਸਰਕਾਰੀ ਅਦਾਰੇ ਵਲੋਂ ਕੀਤੀ ਇਸ ਗੈਰ-ਕਾਨੂੰਨੀ ਕਾਰਵਾਈ ਖਿਲਾਫ਼ ਕਿਸਾਨਾਂ ਨੇ ਰੋਹ ਭਰਪੂਰ ਵਿਖਾਵਾ ਕਰਦਿਆਂ ਯੂਨੀਵਰਸਿਟੀ ਤੋਂ ਆਈ ਟੀਮ ਦਾ ਕਿਸਾਨਾਂ ਨੇ ਘਿਰਾਓ ਵੀ ਕੀਤਾ| ਡਿਊਟੀ ਮਜਿਸਟਰੇਟ ਦੇ ਤੌਰ ’ਤੇ ਸਥਾਨਕ ਤਹਿਸੀਲਦਾਰ ਅਜੇ ਕੁਮਾਰ ਅਤੇ ਪੁਲੀਸ ਵੀ ਮੌਕੇ ’ਤੇ ਆਈ| ਕਿਸਾਨਾਂ ਦਾ ਰੋਹ ਉਸ ਵੇਲੇ ਹੀ ਸ਼ਾਂਤ ਹੋ ਸਕਿਆ ਜਦੋਂ ਯੂਨੀਵਰਸਿਤੀ ਦੀ ਟੀਮ ਦੇ ਮੁਖੀ ਖੇਤੀ ਮਾਹਰ ਗੌਰਵ ਖੋਸਲਾ ਨੇ ਲਿਖਤੀ ਤੌਰ ’ਤੇ ਕਿਸਾਨ ਦਲੇਰ ਸਿੰਘ ਦੇ 10 ਏਕੜ ਝੋਨੇ ਵਿੱਚ 20% ਚੋਭਾ ਹੋਣ ਦੀ ਰਿਪੋਰਟ ਕਿਸਾਨਾਂ ਦੇ ਹਵਾਲੇ ਕੀਤੀ ਜਿਸ ਨੂੰ ਡਿਉਟੀ ਮੈਜਿਸਟਰੇਟ ਅਜੇ ਕੁਮਾਰ ਨੇ ਤਸਦੀਕ ਕੀਤਾ|