ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 26 ਸਤੰਬਰ
ਵਿਜੈ ਇੰਦਰ ਸਿੰਗਲਾ ਨੂੰ ਪੰਜਾਬ ਸਰਕਾਰ ’ਚ ਕੈਬਨਿਟ ਮੰਤਰੀ ਵਜੋਂ ਮੁੜ ਨੁਮਾਇੰਦਗੀ ਮਿਲਣ ਤੋਂ ਬਾਅਦ ਸੰਗਰੂਰ ਸ਼ਹਿਰ ਵਿੱਚ ਖੁਸ਼ੀ ਦੀ ਲਹਿਰ ਹੈ। ਕਾਂਗਰਸੀ ਵਰਕਰਾਂ ਨੇ ਸ੍ਰੀ ਸਿੰਗਲਾ ਦੇ ਮੁੜ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਦੀ ਖੁਸ਼ੀ ’ਚ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਪੁੱਜ ਕੇ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ। ਮਗਰੋਂ ਨਾਨਕਿਆਣਾ ਚੌਂਕ ਅਤੇ ਵੱਖ-ਵੱਖ ਥਾਵਾਂ ’ਤੇ ਖੁਸ਼ੀ ਵਜੋਂ ਲੱਡੂ ਵੰਡੇ ਗਏ। ਇਸ ਮੌਕੇ ਸਮੂਹ ਕਾਂਗਰਸੀ ਵਰਕਰਾਂ ਦੇ ਨਾਲ ਨਾਲ ਸ਼੍ਰੀ ਸਿੰਗਲਾ ਦੇ ਸਿਆਸੀ ਸਲਾਹਕਾਰ ਮੇਜਰ ਸਿੰਘ ਸੇਖੋਂ, ਡਾਇਰੈਕਟਰ ਪੀ.ਏ.ਡੀ.ਬੀ. ਅਵਤਾਰ ਸਿੰਘ ਤਾਰੀ, ਪ੍ਰਧਾਨ ਪੰਚਾਇਤ ਯੂਨੀਅਨ ਜ਼ਿਲ੍ਹਾ ਸੰਗਰੂਰ ਜਸਵੀਰ ਸਿੰਘ, ਬਲਾਕ ਸਮਿਤੀ ਸੰਗਰੂਰ ਦੇ ਵਾਈਸ ਚੇਅਰਮੈਨ ਭੀਮ ਸਿੰਘ ਭਿੰਡਰਾਂ ਅਤੇ ਟਰੱਕ ਯੂਨੀਅਨ ਸੰਗਰੂਰ ਦੇ ਪ੍ਰਧਾਨ ਕਰਮਜੀਤ ਸਿੰਘ ਬਾਲੀਆਂ ਨੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ। ਆਗੂਆਂ ਨੇ ਕਿਹਾ ਕਿ ਸ਼੍ਰੀ ਸਿੰਗਲਾ ਨੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਵਿਭਾਗ ਦੇ ਕੰਮਾਂ ‘ਚ ਆਪਣੀ ਮਿਹਨਤ ਸਦਕਾ ਇੱਕ ਨਵੀਂ ਕ੍ਰਾਂਤੀ ਲਿਆਂਦੀ ਤੇ ਦੋਵਾਂ ਮਹਿਕਮਿਆਂ ‘ਚ ਰਿਕਾਰਡ ਤੋੜ ਵਿਕਾਸ ਕਰਵਾਇਆ।