ਪੱਤਰ ਪ੍ਰੇਰਕ
ਦੇਵੀਗੜ੍ਹ, 17 ਜਨਵਰੀ
ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਨੂੰ ਅੱਜ ਸੰਯੁਕਤ ਸਮਾਜ ਮੋਰਚੇ ਨੇ ਹਲਕਾ ਸਨੌਰ ਤੋਂ ਟਿਕਟ ਦੇ ਦਿੱਤੀ ਹੈ। ਸ਼ਾਦੀਪੁਰ ਕਈ ਦਹਾਕਿਆਂ ਤੋਂ ਭਾਰਤੀ ਕਿਸਾਨ ਮੰਚ ਸ਼ਾਦੀਪੁਰ ਦੇ ਕੌਮੀ ਪ੍ਰਧਾਨ ਵਜੋਂ ਸੇਵਾ ਨਿਭਾਉਂਦੇ ਆ ਰਹੇ ਹਨ, ਜਿਸ ਦੇ ਮੱਦੇਨਜ਼ਰ ਹੀ ਉਨ੍ਹਾਂ ਨੂੰ ਸਿਆਸੀ ਪਿੜ੍ਹ ਦੀ ਇਹ ਸੇਵਾ ਦਿੱਤੀ ਗਈ ਹੈ। ਇਸ ਮੌਕੇ ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਹੈ ਕਿ ਉਹ ਕਿਸਾਨਾਂ ਦੀ ਨਿਸ਼ਕਾਮ ਸੇਵਾ ਕਰਦੇ ਆ ਰਹੇ ਹਨ ਅਤੇ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਕੇ ਉਹ ਨਿਰਪੱਖ ਹੋ ਕੇ ਕਿਸਾਨਾਂ ਦੀ ਸੇਵਾ ਕਰਨਗੇ ਅਤੇ ਕਿਸਾਨਾਂ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਣਗੇ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਵੱਖ-ਵੱਖ ਕਸਬਿਆਂ ਵਿੱਚ ਆਪਣੇ ਦਫ਼ਤਰ ਖੋਲ੍ਹਣਗੇ ਅਤੇ ਪਿੰਡਾਂ ਵਿੱਚ ਵੋਟਰਾਂ ਨਾਲ ਸੰਪਰਕ ਕਰਨਗੇ। ਟਿਕਟ ਮਿਲਣ ਦੀ ਖੁਸ਼ੀ ਵਿੱਚ ਅੱਜ ਚਰਨਜੀਤ ਸਿੰਘ ਠਾਕਰਗੜ੍ਹ, ਦਿਲਬਾਗ ਸਿੰਘ, ਧਨਵੰਤ ਸਿੰਘ ਨਿਰਮਾਣ, ਬਲਜਿੰਦਰ ਸਿੰਘ ਲਾਹੌਰੀਆ, ਗੁਰਮੇਜ ਸਿੰਘ ਚੀਮਾ, ਜੱਗੂ ਚੀਮਾ ਅਤੇ ਕੁੱਕੂ ਉੱਪਲੀ ਨੇ ਉਨ੍ਹਾਂ ਨੂੰ ਟਿਕਟ ਮਿਲਣ ’ਤੇ ਸੰਯੁਕਤ ਸਮਾਜ ਮੋਰਚੇ ਦੇ ਆਗੂਆਂ ਦਾ ਧੰਨਵਾਦ ਕੀਤਾ ਅਤੇ ਬੂਟਾ ਸਿੰਘ ਸ਼ਾਦੀਪੁਰ ਨੂੰ ਵਧਾਈ ਦਿੱਤੀ।