ਬੰਗਲੁਰੂ, 31 ਮਾਰਚ
ਕਰਨਾਟਕ ਵਿੱਚ ਵਧਦੇ ਧਾਰਮਿਕ ਵਿਵਾਦਾਂ ਦੇ ਹੱਲ ਸਬੰਧੀ ਬਾਇਓਕੌਨ ਮੁਖੀ ਕਿਰਨ ਮਜ਼ੂਮਦਾਰ-ਸ਼ਾਹ ਦੀ ਬੇਨਤੀ ’ਤੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਅੱਜ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਸਮਾਜਿਕ ਮੁੱਦੇ ਨੂੰ ਲੈ ਕੇ ਜਨਤਕ ਮੰਚ ’ਤੇ ਬੋਲਣ ਤੋਂ ਪਹਿਲਾਂ ਧੀਰਜ ਰੱਖਣ, ਕਿਉਂਕਿ ਇਨ੍ਹਾਂ ਮੁੱਦਿਆਂ ਨੂੰ ਗੱਲਬਾਤ ਰਾਹੀਂ ਵੀ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਨੂੰ ਸ਼ਾਂਤੀ ਤੇ ਤਰੱਕੀ ਲਈ ਜਾਣਿਆ ਜਾਂਦਾ ਹੈ ਤੇ ਇਸ ਮੰਤਵ ਲਈ ਹਰ ਇੱਕ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਮਜ਼ੂਮਦਾਰ-ਸ਼ਾਹ ਦੀ ਉਸ ਚਿੰਤਾ ਵੱਲ ਵੀ ਲੋਕਾਂ ਦਾ ਧਿਆਨ ਦਿਵਾਇਆ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਹਮੇਸ਼ਾਂ ਤੋਂ ਆਰਥਿਕ ਵਿਕਾਸ ਦਾ ਰਾਹ ਅਪਨਾਉਣ ਵਾਲੇ ਸੂਬੇ ਵਿੱਚ ਜੇਕਰ ਆਈਟੀ/ਬਾਇਓ-ਟੈਕਨਾਲੋਜੀ ਸੈਕਟਰ ਹੀ ਫ਼ਿਰਕੂ ਹੋ ਜਾਣਗੇ ਤਾਂ ਇਸ ਨਾਲ ਸਾਡੀ ਆਲਮੀ ਲੀਡਰਸ਼ਿਪ ਤਬਾਹ ਹੋ ਜਾਵੇਗੀ ਜਿਸ ਸਬੰਧੀ ਉਨ੍ਹਾਂ ਟਵੀਟ ਕਰ ਕੇ ਮੁੱਖ ਮੰਤਰੀ ਤੋਂ ਇਸ ਧਾਰਮਿਕ ਵਿਵਾਦ ਨੂੰ ਹੱਲ ਕਰਨ ਦੀ ਬੇਨਤੀ ਕੀਤੀ ਸੀ। ਉਨ੍ਹਾਂ ਇਹ ਟਵੀਟ ਸਾਲਾਨਾ ਹਿੰਦੂ ਮੇਲਿਆਂ ਦੌਰਾਨ ਗੈਰ-ਹਿੰਦੂ ਕਾਰੋਬਾਰੀਆਂ ਤੇ ਵਿਕਰੇਤਾਵਾਂ ਨੂੰ ਮੰਦਰ ਦੇ ਆਸ-ਪਾਸ ਕਾਰੋਬਾਰ ਕਰਨ ਤੋਂ ਇਨਕਾਰ ਕਰਨ ਦੀਆਂ ਘਟਨਾਵਾਂ ਦੇ ਸਬੰਧ ’ਚ ਕੀਤਾ ਸੀ। ਟਵੀਟ ਦੇ ਸੰਦਰਭ ਵਿੱਚ ਪੁੱਛੇ ਇੱਕ ਸੁਆਲ ਦੇ ਜੁਆਬ ’ਚ ਸ੍ਰੀ ਬੋਮਈ ਨੇ ਕਿਹਾ,‘ਸੂਬੇ ਵਿੱਚ ਚਰਚਾ ਲਈ ਕਈ ਮੁੱਦੇ ਆਏ ਹਨ। ਵਰਦੀ ਦੇ ਮੁੱਦੇ ਦਾ ਫ਼ੈਸਲਾ ਹਾਈ ਕੋਰਟ ਨੇ ਕਰ ਦਿੱਤਾ ਹੈ। ਹੋਰ ਮੁੱਦਿਆਂ ਨਾਲ ਸਬੰਧਤ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਅਸੀਂ ਰਵਾਇਤਾਂ ਦੇ ਆਧਾਰ ’ਤੇ ਆਪਣੀ ਜ਼ਿੰਦਗੀ ਇੰਨੇ ਸਾਲਾਂ ਤੋਂ ਜੀਅ ਰਹੇ ਹਾਂ। ਹਰ ਵਿਅਕਤੀ ਨੂੰ ਸ਼ਾਂਤੀ ਵਿਵਸਥਾ ਸਥਾਪਤ ਕਰਨ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ।’ -ਪੀਟੀਆਈ
ਹਲਾਲ ਵਿਵਾਦ: ਸੰਵਿਧਾਨ ਤੇ ਅਦਾਲਤੀ ਹੁਕਮ ਦਾ ਸਤਿਕਾਰ ਨਾ ਕਰਨ ਵਾਲਿਆਂ ਨੂੰ ਸਬਕ ਸਿਖਾਇਆ ਜਾਣਾ ਚਾਹੀਦੈ: ਗਿਆਨੇਂਦਰ
ਕੋਪੱਲ: ਕਰਨਾਟਕ ਦੇ ਗ੍ਰਹਿ ਮੰਤਰੀ ਅਰਾਗ ਗਿਆਨੇਂਦਰ ਨੇ ਹਲਾਲ ਵਿਵਾਦ ਦਰਮਿਆਨ ਕਿਹਾ ਕਿ ਸੰਵਿਧਾਨ ਤੇ ਅਦਾਲਤ ਦੇ ਹੁਕਮ ਦਾ ਸਨਮਾਨ ਨਾ ਕਰਨ ਵਾਲਿਆਂ ਨੂੰ ਸਬਕ ਸਿਖਾਇਆ ਜਾਣਾ ਚਾਹੀਦਾ ਹੈ। ਦਰਅਸਲ, ਕੁਝ ਸੱਜੇ ਪੱਖੀ ਸੰਸਥਾਵਾਂ ਨੇ ਹਿੰਦੂਆਂ ਨੂੰ ‘ਹੋਸਾ ਤੜਾਕੂ’ ਉਤਸਵ ਦੌਰਾਨ ਹਲਾਲ ਮਾਸ ਦੀ ਵਰਤੋਂ ਨਾ ਕਰਨ ਲਈ ਕਿਹਾ ਸੀ। ਗ੍ਰਹਿ ਮੰਤਰੀ ਦਾ ਬਿਆਨ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਹਿਜਾਬ ’ਤੇ ਕਰਨਾਟਕ ਹਾਈ ਕੋਰਟ ਦੇ ਹੁਕਮ ਖ਼ਿਲਾਫ਼ ਮੁਸਲਮਾਨਾਂ ਦੇ ਇੱਕ ਵਰਗ ਨੇ ਸੂਬਾਵਿਆਪੀ ਬੰਦ ਦਾ ਸੱਦਾ ਦਿੱਤਾ ਹੈ। ਸ੍ਰੀ ਗਿਆਨੇਂਦਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ,‘ਜਿਹੜੇ ਲੋਕ ਭਾਰਤੀ ਸੰਵਿਧਾਨ ਦਾ ਸਨਮਾਨ ਨਹੀਂ ਕਰਦੇ ਤੇ ਕਹਿੰਦੇ ਹਨ ਕਿ ਅਦਾਲਤ ਦਾ ਫ਼ੈਸਲਾ ਉਨ੍ਹਾਂ ’ਤੇ ਲਾਗੂ ਨਹੀਂ ਹੁੰਦਾ, ਉਨ੍ਹਾਂ ਨੂੰ ਸਬਕ ਸਿਖਾਇਆ ਜਾਣਆ ਚਾਹੀਦਾ ਹੈ। ਅਸੀਂ ਉਨ੍ਹਾਂ ਨੂੰ ਨਿਮਰਤਾ ਨਾਲ ਕਹਿ ਰਹੇ ਹਾਂ ਕਿ ਤੁਹਾਨੂੰ ਇਸ ਮੁਲਕ ਵਿੱਚ ਅਜਿਹੇ ਕੰਮ ਨਹੀਂ ਕਰਨੇ ਚਾਹੀਦੇ। ਕੋਈ ਵੀ ਤੁਹਾਨੂੰ ਨਫ਼ਰਤ ਨਹੀਂ ਕਰਦਾ ਤੇ ਸਾਨੂੰ ਭਰਾਵਾਂ ਵਾਂਗ ਰਹਿਣਾ ਪਵੇਗਾ।’ ਉਨ੍ਹਾਂ ਕਿਹਾ ਕਿ ਹਲਾਲ ਨਾਲ ਸਬੰਧਤ ਮੁੱਦੇ ’ਤੇ ਸਰਕਾਰ ਦੀ ਸੀਮਤ ਭੂਮਿਕਾ ਹੈ ਜਿਸਨੂੰ ਲੋਕਾਂ ਦੀ ਸਮਝ ’ਤੇ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ‘ਹਲਾਲ ਭੋਜਨ ਦਾ ਬਾਈਕਾਟ’ ਕਾਨੂੰਨ ਵਿਵਸਥਾ ਦਾ ਮਾਮਲਾ ਨਹੀਂ ਹੈ ਬਲਕਿ ਆਸਥਾ ਤੇ ਭਾਵਨਾਵਾਂ ਨਾਲ ਜੁੜਿਆ ਹੈ, ਜਿਸਨੂੰ ਹਰ ਕੋਈ ਜਾਣਦਾ ਹੈ। -ਪੀਟੀਆਈ