ਪੱਤਰ ਪ੍ਰੇਰਕ
ਚੰਡੀਗੜ੍ਹ, 4 ਫ਼ਰਵਰੀ
ਚੰਡੀਗੜ੍ਹ ਵਿੱਚ ਅੱਜ ਕਰੋਨਾ ਵਾਇਰਸ ਕਾਰਨ ਸੈਕਟਰ-46 ਵਾਸੀ 75 ਸਾਲਾਂ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਉਹ ਹੋਰ ਵੀ ਕਈ ਬਿਮਾਰੀਆਂ ਤੋਂ ਪੀੜਤ ਸੀ ਅਤੇ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਅਧੀਨ ਸੀ। ਇਸ ਤੋਂ ਇਲਾਵਾ ਸ਼ਹਿਰ ਵਿੱਚ 12 ਹੋਰ ਵਿਅਕਤੀਆਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ ਜਦਕਿ 19 ਮਰੀਜ਼ ਘਰੇਲੂ ਇਕਾਂਤਵਾਸ ਖ਼ਤਮ ਹੋਣ ਉਪਰੰੰਤ ਡਿਸਚਾਰਜ ਕੀਤੇ ਗਏ ਹਨ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 187 ਹੈ। ਨਵੇਂ ਸਾਹਮਣੇ ਆਏ ਮਰੀਜ਼ ਸੈਕਟਰ 2, 35, 40, 44, 46, 49, 52, ਡੱਡੂਮਾਜਰਾ ਤੇ ਧਨਾਸ ਦੇ ਵਸਨੀਕ ਹਨ।
ਫ਼ਤਹਿਗੜ੍ਹ ਸਾਹਿਬ (ਹਿਮਾਂਸ਼ੂ ਸੂਦ): ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਨੇ ਜ਼ਿਲ੍ਹਾ ਹਸਪਤਾਲ ਵਿਚ ਕਰੋਨਾ ਵਾਇਰਸ ਦਾ ਟੀਕਾ ਲਗਵਾਇਆ। ਉਨ੍ਹਾਂ ਕਿਹਾ ਕਿ ਕੁੱਝ ਸ਼ਰਾਰਤੀ ਅਨਸਰ ਕਰੋਨਾ ਵੈਕਸੀਨ ਨੂੰ ਗ਼ਲਤ ਦੱਸ ਰਹੇ ਹਨ ਪਰ ਵੈਕਸ਼ੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਨਾਗਰਿਕਾਂ ਦਾ ਫਰਜ਼ ਬਣਦਾ ਹੈ ਉਹ ਬਿਨਾਂ ਖ਼ੌਫ਼ ਟੀਕਾਕਰਨ ਕਰਵਾਉਣ।