ਪੱਤਰ ਪ੍ਰੇਰਕ
ਸ਼ੇਰਪੁਰ, 26 ਸਤੰਬਰ
ਦੋ ਦਹਾਕੇ ਤੋਂ ਵੱਧ ਸਮਾਂ ਪੰਜਾਬੀ ਪੱਤਰਕਾਰੀ ਵਿੱਚ ਨਵੇਂ ਕੀਰਤਮਾਨ ਸਥਾਪਿਤ ਕਰਨ ਵਾਲੇ ਰਾਜਿੰਦਰਜੀਤ ਸਿੰਘ ਕਾਲਾਬੂਲਾ ਨੂੰ ਅੱਜ ਪਿੰਡ ਕਾਲਾਬੂਲਾ ਦੇ ਗੁਰਦੁਆਰਾ ਸਾਹਿਬ ਵਿਖੇ ਰਾਜਸੀ ਨੇਤਾਵਾਂ, ਸਾਹਿਤਕਾਰਾਂ, ਜਨਤਕ ਜਥੇਬੰਦੀਆਂ ਦੇ ਆਗੂਆਂ ਅਤੇ ਤਿੰਨ ਜ਼ਿਲ੍ਹਿਆਂ ਨਾਲ ਸਬੰਧਤ ਪੱਤਰਕਾਰਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਫੋਨ ਸੰਦੇਸ਼ ਰਾਹੀਂ ਐਨਆਰਆਈ ਮਿੰਟੂ ਆਸਟਰੇਲੀਆ, ਵਿਧਾਇਕ ਕੁਲਵੰਤ ਪੰਡੋਰੀ, ਡਾਕਟਰ ਏਐਸ ਮਾਨ, ਨੂਰ ਠੀਕਰੀਵਾਲ ਨੇ ਕਿਹਾ ਕਿ ਸਮਾਜ ਭਲਾਈ ਮੰਚ ਦੇ ਪ੍ਰਧਾਨ ਵਜੋਂ ਵਿਚਰਦਿਆਂ ਲੋਕ ਭਲਾਈ ਦੇ ਕਈ ਕਾਰਜ ਕੀਤੇ। ਉਨ੍ਹਾਂ ਪੰਚਾਇਤਾਂ ਤੋਂ ਮਤੇ ਪਵਾ ਕੇ ਠੇਕੇ ਬੰਦ ਕਰਵਾਏ, ਬਚਪਨ ਬਚਾਓ ਅੰਦੋਲਨ ਦੇ ਝੰਡੇ ਹੇਠ ਬੱਚਿਆਂ ’ਤੇ ਜਬਰ ਰੋਕਣ ਲਈ ਪੇਸ਼ਕਦਮੀ ਕੀਤੀ ਤੇ ਔਰਤਾਂ ਨੂੰ ਸਵੈ-ਨਿਰਭਰ ਬਣਾਉਣ ਲਈ ਅਨੇਕਾਂ ਸੈਂਟਰ ਖੋਲ੍ਹੇ। ਬੁਲਾਰਿਆਂ ਨੇ ਕਿਹਾ ਕਿ ਕਾਲਾਬੂਲਾ ਪੰਜਾਬੀ ਦੀ ਕਵਿਤਾ ਵਿਧਾ ’ਤੇ ਹੱਥ ਅਜ਼ਮਾਉਣ ਦੇ ਨਾਲ ਸਾਹਿਤ ਸਮਾਗ਼ਮਾਂ ਨਾਲ ਜੁੜੇ ਹੋਣ ਕਾਰਨ ਬਹੁ-ਪੱਖੀ ਸ਼ਖ਼ਸੀਅਤ ਦੀ ਮਾਲਕ ਇੱਕ ਸੰਸਥਾ ਸੀ। ਪ੍ਰੈਸ ਕਲੱਬ ਸ਼ੇਰਪੁਰ ਦੇ ਪ੍ਰਧਾਨ ਬੀਰਬਲ ਰਿਸ਼ੀ ਨੇ ਕਲੱਬ ਦੇ ਮੋਹਰੀ ਮੈਂਬਰ ਪੱਤਰਕਾਰ ਕਾਲਾਬੂਲਾ ਦੀ ਯਾਦ ਨੂੰ ਸਮਰਪਿਤ ਅਕਤੂਬਰ ਮਹੀਨੇ ਸ਼ੇਰਪੁਰ ’ਚ ਵੱਡਾ ਸਮਾਗ਼ਮ ਕਰਵਾਏ ਜਾਣ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਮਰਹੂਮ ਕਾਲਾਬੂਲਾ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਭੋਗ ਮਗਰੋਂ ਵੱਡੀ ਗਿਣਤੀ ਪੁੱਜੇ ਲੋਕਾਂ ਨੂੰ ਫਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਵੰਡੇ ਗਏ।