ਪਟਿਆਲਾ (ਖੇਤਰੀ ਪ੍ਰਤੀਨਿਧ): ‘ਆਪ’ ਸਰਕਾਰ ਵੱਲੋਂ 31 ਮਾਰਚ ਨੂੰ ਕੀਤੇ ਗਏ ਜ਼ਿਲ੍ਹਾ ਪੁਲੀਸ ਮੁਖੀਆਂ ਦੇ ਤਬਾਦਲਿਆਂ ਦੌਰਾਨ ਪਟਿਆਲਾ ਵਿੱਚ ਵੀ ਨਾਨਕ ਸਿੰਘ ਦੀ ਇਥੋਂ ਦੇ ਅਗਲੇ ਐਸ.ਐਸ.ਪੀ ਵਜੋਂ ਤਾਇਨਾਤੀ ਕੀਤੀ ਗਈ ਹੈ। ਨਾਨਕ ਸਿੰਘ ਨੂੰ ਗੁਰਦਾਸਪੁਰ ਜ਼ਿਲ੍ਹੇ ਤੋਂ ਬਦਲ ਕੇ ਪਟਿਆਲਾ ਵਿਖੇ ਲਾਇਆ ਗਿਆ ਹੈ। ਉਂਜ ਪਹਿਲਾਂ ਉਹ ਬਠਿੰਡਾ ਸਮੇਤ ਕੁਝ ਹੋਰ ਥਾਵਾਂ ’ਤੇ ਵੀ ਐਸਐਸਪੀ ਅਤੇ ਐਸ.ਪੀ ਵਜੋਂ ਤਾਇਨਾਤ ਰਹਿ ਚੁੱਕੇ ਹਨ। ਉਨ੍ਹਾਂ ਨੂੰ ਪਟਿਆਲਾ ਵਿਖੇ ਡਾ. ਸੰਦੀਪ ਗਰਗ ਦੀ ਥਾਂ ਤਾਇਨਾਤ ਕੀਤਾ ਗਿਆ ਹੈ। ਉਧਰ, ਆਈਪੀਐਸ ਮਨਦੀਪ ਸਿੰਘ ਸਿੱਧੂ, ਜੋ ਇਨ੍ਹੀਂ ਦਿਨੀਂ ਪਟਿਆਲਾ ਵਿਖੇ ਹੀ ਵਿਜੀਲੈਂਸ ਦੇ ਐਸਐਸਪੀ ਵਜੋਂ ਤਾਇਨਾਤ ਹਨ, ਨੂੰ ਜ਼ਿਲ੍ਹਾ ਸੰਗਰੂਰ ਦਾ ਐਸਐਸਪੀ ਲਾਇਆ ਗਿਆ ਹੈ। ਮਨਦੀਪ ਸਿੰਘ ਸਿੱਧੂ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਾਫ਼ੀ ਨੇੜਤਾ ਦੱਸੀ ਜਾਂਦੀ ਹੈ।