ਹਰਦੀਪ ਸਿੰਘ ਸੋਢੀ
ਧੂਰੀ, 31 ਮਾਰਚ
ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਅੰਦਰ ਮਿੱਟੀ ਦੇ ਬਣੇ ਚੁੱਲ੍ਹਿਆਂ ਤੇ ਤੰਦੂਰਾਂ ਨੇ ਲੰਮਾਂ ਸਮਾਂ ਘਰਾਂ ’ਤੇ ਰਾਜ ਕੀਤਾ। ਪੰਜਾਬ ਦਾ ਇਤਿਹਾਸ ਇਨ੍ਹਾਂ ਚੁੱਲ੍ਹਿਆਂ ਤੇ ਤੰਦੂਰਾਂ ਨਾਲ ਜੁੜਿਆ ਹੋਇਆ ਹੈ ਤੇ ਇਹ ਚੁੱਲ੍ਹੇ ਤੇ ਤੰਦੂਰ ਘਰਾਂ ਵਿੱਚ ਆਪਸੀ ਭਾਈਚਾਰਕ ਸਾਂਝ ਤੇ ਪਿਆਰ ਦਾ ਪ੍ਰਤੀਕ ਹੁੰਦੇ ਸਨ। ਜਿਉਂ ਜਿਉਂ ਪੰਜਾਬ ਤਰੱਕੀ ਵੱਲ ਵਧਿਆ ਘਰਾਂ ਵਿੱਚ ਇਨ੍ਹਾਂ ਚੁੱਲਿਆਂ ਤੇ ਤੰਦੂਰਾਂ ਦੀ ਹੋਂਦ ਖਤਮ ਹੁੰਦੀ ਗਈ ਹੁਣ ਇਹ ਪਿੰਡਾਂ ਅੰਦਰ ਨਾਂ-ਮਾਤਰ ਘਰਾਂ ਤੱਕ ਸੀਮਤ ਰਹਿ ਗਏ ਹਨ। ਅੱਜ ਸ਼ਹਿਰੀ ਤੇ ਪੇਂਡੂ ਘਰਾਂ ਅੰਦਰ ਚੁੱਲਿਆਂ ਦੀ ਥਾਂ ਗੈਸੀ ਚੁੱਲਿਆਂ ਨੇ ਲੈ ਲਈ ਹੈ ਜਦਕਿ ਪੁਰਾਣੇ ਸਮਿਆਂ ਵਿੱਚ ਪੂਰੇ ਘਰਾਂ ਦੇ ਮੈਂਬਰਾਂ ਦੀ ਰੋਟੀ ਇਨ੍ਹਾਂ ਚੁੱਲਿਆਂ ਉੱਪਰ ਬਣਦੀ ਸੀ ਤੇ ਪੂਰੇ ਪਰਿਵਾਰ ਨੂੰ ਇਹ ਚੁਲ੍ਹੇ ਆਪਸੀ ਪਿਆਰ ਦੀਆਂ ਤੰਦਾਂ ਵਿੱਚ ਬੰਨ੍ਹ ਕੇ ਰੱਖਦੇ ਸੀ। ਅੱਜ ਵੀ ਤੰਦੂਰ ਦੀ ਰੋਟੀ ਖਾਣ ਦੇ ਸ਼ੌਕੀਨ ਆਪਣੇ ਸ਼ੋਕ ਨੂੰ ਪੂਰਾ ਕਰਨ ਲਈ ਹੋਟਲਾਂ ਤੇ ਢਾਬਿਆਂ ’ਤੇ ਜਾ ਕੇ ਰੋਟੀ ਖਾਂਦੇ ਹਨ। ਪਰ ਅੱਜ ਵੀ ਕਈ ਪਿੰਡਾਂ ਦੀਆਂ ਔਰਤਾਂ ਘਰ ਦੀ ਰੋਟੀ ਗੈਸੀ ਚੁੱਲ੍ਹਿਆਂ ਦੀ ਥਾਂ ਤੰਦੁੂਰ ਉੱਪਰ ਬਣਾਉਂਦੀਆਂ ਹਨ ਤੇ ਆਪਣੇ ਪੁਰਾਣੇ ਇਤਿਹਾਸ ਨੂੰ ਬਰਕਰਾਰ ਰੱਖ ਰਹੀਆਂ ਹਨ। ਚੁੱਲ੍ਹਿਆਂ ਤੇ ਤੰਦੂਰਾਂ ਦੇ ਕੰਮ ਨਾਲ ਜੁੜੇ ਇਕ ਵਿਅਕਤੀ ਬਲਵਿੰਦਰ ਸਿੰਘ ਨੇ ਦੱਸਿਆ ਕੋਈ ਸਮਾਂ ਸੀ ਕਿ ਇਨ੍ਹਾਂ ਚੁੱਲਿਆਂ ਤੇ ਤੰਦੂਰਾਂ ਦੀ ਹਰ ਘਰ ਵਿੱਚ ਤੂਤੀ ਬੋਲਦੀ ਸੀ ਪਰ ਅੱਜ ਇਹ ਚੁੱਲ੍ਹੇ ਤੇ ਤੰਦੂਰ ਘਰਾਂ ਵਿੱਚ ਆਪਣੀ ਹੋਂਦ ਗਵਾ ਚੁੱਕੇ ਹਨ। ਇੱਥੇ ਹੀ ਧੂਰੀ ਦੇ ਨੌਜਵਾਨ ਆਗੂ ਬਲਵਿੰਦਰ ਸਿੰਘ ਬਿੱਲੂ ਨੇ ਕਿਹਾ ਉਹ ਅੱਜ ਵੀ ਪੰਜਾਬ ਦੇ ਇਸ ਸੱਭਿਆਚਾਰ ਨੂੰ ਕਾਇਮ ਰੱਖਦੇ ਹੋਏ ਆਪਣੇ ਪਰਿਵਾਰ ਦੀ ਰੋਟੀ ਚੁੱਲ੍ਹੇ ਤੇ ਬਣਾ ਕੇ ਸਾਰਾ ਪਰਿਵਾਰ ਇਕੱਠੇ ਬੈਠ ਕੇ ਖਾਂਦੇ ਹਨ।