ਰਮੇਸ਼ ਭਾਰਦਵਾਜ
ਲਹਿਰਾਗਾਗਾ, 1 ਅਗਸਤ
ਪਿੰਡ ਲਹਿਲ ਖ਼ੁਰਦ ਦੇ ਸਰਕਾਰੀ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਕਰਕੇ ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਕਾਰਨ ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਅੱਜ ਸਕੂਲ ਨੂੰ ਜਿੰਦਰਾ ਲਾ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰੀ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਮੁਤਾਬਕ ਅਧਿਆਪਕਾਂ ਦੀ ਗਿਣਤੀ ਨਾ ਮਾਤਰ ਹੈ। ਇਸ ਤੋਂ ਸਾਬਤ ਹੁੰਦਾ ਕਿ ਮੌਕੇ ਦੀ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝਾ ਰੱਖਣੀ ਚਾਹੁੰਦੀ ਹਾਂ ਤਾਂ ਕਿ ਗਰੀਬ ਲੋਕਾਂ ਨੂੰ ਰੁਜ਼ਗਾਰ ਨਾ ਦੇਣਾ ਪਵੇ। ਅੱਜ ਇਸ ਮਸਲੇ ਸਬੰਧੀ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ ਐਕਸ਼ਨ ਕਮੇਟੀ ਬਣਾਈ ਹੈ। ਅੱਜ ਦੇ ਧਰਨੇ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਦੇ ਪ੍ਰਧਾਨ ਜਗਦੀਪ ਸਿੰਘ ਅਤੇ ਹੋਰ ਆਗੂ ਵੀ ਸ਼ਾਮਲ ਹੋਏ। ਇਸ ਮਸਲੇ ਬਾਰੇ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਸੰਪਰਕ ਨਹੀਂ ਹੋ ਸਕਿਆ।
ਅਧਿਆਪਕ ਨੂੰ ਹੋਰ ਸਕੂਲ ’ਚ ਡੈਪੂਟੇਸ਼ਨ ’ਤੇ ਭੋਜਣ ਤੋਂ ਭੁਟਾਲ ਖੁਰਦ ਵਾਸੀ ਖ਼ਫਾ
ਸਰਕਾਰੀ ਪ੍ਰਾਇਮਰੀ ਸਕੂਲ ਭੁਟਾਲ ਖੁਰਦ ’ਚੋਂ ਇੱਕ ਅਧਿਆਪਕ ਦਾ ਆਰਜ਼ੀ ਪ੍ਰਬੰਧ ਕਰਕੇ ਲਹਿਲ ਖੁਰਦ ’ਚ ਭੇਜਣ ’ਤੇ ਪਿੰਡ ਵਾਸੀ ਭੜਕ ਗਏ। ਐੱਸਐੱਮਸੀ ਕਮੇਟੀ ਦੇ ਚੇਅਰਮੈਨ ਅਮਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਪ੍ਰਾਇਮਰੀ ਸਕੂਲ ’ਚੋਂ ਇੱਕ ਅਧਿਆਪਕ ਦਾ ਆਰਜ਼ੀ ਪ੍ਰਬੰਧ ਹੋਰ ਸਕੂਲ ਵਿਚ ਕੀਤਾ ਗਿਆ ਹੈ, ਜਦੋਂ ਕਿ ਸਰਕਾਰੀ ਪ੍ਰਾਇਮਰੀ ਸਕੂਲ ਭੁਟਾਲ ਖੁਰਦ ਵਿਚ ਅਧਿਆਪਕ ਲਖਵੀਰ ਸਿੰਘ ਪਹਿਲਾਂ ਹੀ ਡੈਪੂਟੇਸ਼ਨ ’ਤੇ ਚੱਲ ਰਹੇ ਹਨ। ਜੇ ਪਹਿਲਾਂ ਹੀ ਇਕ ਅਧਿਆਪਕ ਡੈਪੂਟੇਸ਼ਨ ’ਤੇ ਚੱਲ ਰਿਹਾ ਹੈ ਤਾਂ ਦੂਜੇ ਅਧਿਆਪਕ ਦੀ ਡੈਪੂਟੇਸ਼ਨ ਕਿਵੇਂ ਕੀਤੀ ਜਾ ਸਕਦੀ ਹੈ। ਕਮੇਟੀ ਮੈਂਬਰਾਂ ਨੇ ਅਧਿਆਪਕ ਦੀ ਡੈਪੂਟੇਸ਼ਨ ਰੱਦ ਕਰਨ ਦੀ ਮੰਗ ਕੀਤੀ।