ਡਾਂਡੀ, 6 ਅਪਰੈਲ
ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਭਾਰਤ ਦੀ ਆਜ਼ਾਦੀ ਦੇ 100 ਵਰ੍ਹੇ ਪੂਰੇ ਹੋਣ ਭਾਵ 2047 ਤੱਕ ਸਾਡਾ ਮੁਲਕ ਇੱਕ ‘ਨਵਾਂ ਭਾਰਤ’ ਬਣਾਉਣ ਲਈ ਇੱਕ ਵਿਸਤ੍ਰਿਤ ਖਾਕਾ ਤਿਆਰ ਕਰ ਲਵੇਗਾ। ਉਹ ਇੱਥੇ 25 ਦਿਨ ਚੱਲੀ ਡਾਂਡੀ ਯਾਤਰਾ ਦੀ ਸਮਾਪਤੀ ਮੌਕੇ ਸੰਬੋਧਨ ਕਰ ਰਹੇ ਸਨ। ਇਹ ਯਾਤਰਾ ਭਾਰਤ ਦੀ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ’ਤੇ ‘ਆਜ਼ਾਦੀ ਕਾ ਅਮਰੁਤ ਮਹੋਤਸਵ’ ਦੇ ਹਿੱਸੇ ਵਜੋਂ ਅਹਿਮਦਾਬਾਦ ਸ਼ਹਿਰ ’ਚ ਸਾਬਰਮਤੀ ਆਸ਼ਰਮ ਤੋਂ ਕੱਢੀ ਗਈ ਸੀ, ਜਿਸ ਵਿੱਚ 81 ਵਿਅਕਤੀਆਂ ਨੇ ਹਿੱਸਾ ਲਿਆ ਸੀ। ਸ੍ਰੀ ਨਾਇਡੂ ਨੇ ਕਿਹਾ,‘1947 ਤੋਂ ਹੁਣ ਤੱਕ ਅਸੀਂ ਆਜ਼ਾਦੀ ਘੁਲਾਟੀਆਂ ਵੱਲੋਂ ਵਿਖਾਏ ਰਸਤੇ ’ਤੇ ਚੱਲੇ ਹਾਂ, ‘ਸਬਕਾ ਸਾਥ ਸਬਕਾ ਵਿਕਾਸ’ ਸਾਡਾ ਨਾਅਰਾ ਹੈ। ਅਸੀਂ ਕਈ ਟੀਚੇ ਪ੍ਰਾਪਤ ਕੀਤੇ ਹਨ।’ ਉਨ੍ਹਾਂ ਕਿਹਾ ਕਿ ਅੱਜ ਸਾਰਾ ਸੰਸਾਰ ਭਾਰਤ ਦੀ ਤਾਕਤ ਦਾ ਸਨਮਾਨ ਕਰਦਾ ਅਤੇ ਇਸ ਨੂੰ ਮਾਨਤਾ ਦਿੰਦਾ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਸਾਰੇ ਸੂਬਿਆਂ ਦਾ ਧੰਨਵਾਦ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦਾ ‘ਨਮਕ ਅੰਦੋਲਨ’ ਸਾਡੇ ਇਤਿਹਾਸ ’ਚ ਮੀਲ ਦੇ ਪੱਥਰ ਦੀ ਨਿਆਈਂ ਹੈ, ਜੋ ਬ੍ਰਿਟਿਸ਼ ਸਾਮਰਾਜਵਾਦ ਖ਼ਿਲਾਫ਼ ਅਹਿੰਸਾ ਅਤੇ ਅਸਹਿਯੋਗ ਅੰਦੋਲਨ ਦੀ ਵਿਲੱਖਣ ਲਹਿਰ ਸੀ। ਉਨ੍ਹਾਂ ਕਿਹਾ,‘ਮਹਾਤਮਾ ਗਾਂਧੀ ਅਤੇ ਸਰਦਾਰ ਵੱਲਭਭਾਈ ਪਟੇਲ ਜਿਹੇ ਆਗੂ ਸਾਨੂੰ ਆਪਣੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਪ੍ਰੇਰਿਤ ਕਰਦੇ ਹਨ।
ਇਸ ਵਰ੍ਹੇ ਭਾਰਤ ਦੀ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਸਬੰਧੀ ਚੱਲ ਰਹੇ ਜਸ਼ਨਾਂ ਦੇ ਹਿੱਸੇ ਵਜੋਂ 12 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਡਾਂਡੀ ਯਾਤਰਾ ਨੂੰ ਸਾਬਰਮਤੀ ਆਸ਼ਰਮ ਤੋਂ ਰਵਾਨਾ ਕੀਤਾ ਗਿਆ ਸੀ। ਪੈਦਲ 268 ਕਿਲੋਮੀਟਰ ਦੀ ਦੂਰੀ ਤੈਅ ਕਰਦਿਆਂ 81 ਪ੍ਰਤੀਭਾਗੀ ਅੱਜ ਸਵੇਰੇ ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਪੁੱਜੇ ਸਨ। -ਪੀਟੀਆਈ