ਪੱਤਰ ਪ੍ਰੇਰਕ
ਕੁਰਾਲੀ/ ਰੂਪਨਗਰ, 29 ਅਪਰੈਲ
ਇਲਾਕੇ ਵਿੱਚ ਪਾਵਰ ਕੱਟ ਤੇ ਪਸ਼ੂ ਚੋਰੀ ਦੀਆਂ ਘਟਨਾਵਾਂ ਅਤੇ ਪੁਲੀਸ ਦੀ ਕਥਿਤ ਢਿੱਲੀ ਕਾਰਗੁਜ਼ਾਰੀ ਤੋਂ ਅੱਕੇ ਕਿਸਾਨਾਂ ਨੇ ਅੱਜ ਪਿੰਡ ਬੰਨ੍ਹਮਾਜਰਾ ਵਿੱਚ ਕੌਮੀ ਮਾਰਗ ਜਾਮ ਕੀਤਾ। ਕਿਸਾਨਾਂ ਨੇ ਪ੍ਰਸ਼ਾਸਨ ਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਕਿਹਾ ਕਿ ਬਿਜਲੀ ਦੇ ਲੰਬੇ ਕੱਟਾਂ ਕਾਰਨ ਲੋਕਾਂ ਦਾ ਗਰਮੀ ਵਿੱਚ ਹਾਲ ਬੇਹਾਲ ਹੈ ਅਤੇ ਚੋਰੀ ਦੀਆਂ ਘਟਨਾਵਾਂ ਵਿੱਚ ਇਜ਼ਾਫਾ ਹੋਣ ਲੱਗ ਪਿਆ ਹੈ
ਕਿਸਾਨ ਆਗੂਆਂ ਰੇਸ਼ਮ ਸਿੰਘ ਬਡਾਲੀ, ਜ਼ੈਲਾਦਰ ਸਤਵਿੰਦਰ ਸਿੰਘ ਚੈੜੀਆਂ ਅਤੇ ਹੋਰਨਾਂ ਨੇ ਪੁਲੀਸ ਦੀ ਕਾਰਗੁਜ਼ਾਰੀ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਪਸ਼ੂ ਚੋਰੀ ਸਬੰਧੀ ਫੁਟੇਜ ਅਤੇ ਹੋਰ ਸਬੂਤ ਦਿੱਤੇ ਗਏ ਸਨ ਤੇ ਇੱਕ ਬੰਦਾ ਵੀ ਸ਼ੱਕ ਦੇ ਆਧਾਰ ’ਤੇ ਪੁਲੀਸ ਨੂੰ ਫੜਾਇਆ ਗਿਆ ਸੀ ਪਰ ਪੁਲੀਸ ਨੇ ਕੁਝ ਘੰਟਿਆਂ ਬਾਅਦ ਹੀ ਉਸ ਨੂੰ ਛੱਡ ਦਿੱਤਾ। ਪਸ਼ੂ ਪਾਲਕ ਹਰਪ੍ਰੀਤ ਸਿੰਘ ਚੈੜੀਆਂ ਨੇ ਦੱਸਿਆ ਕਿ 2 ਅਤੇ 3 ਅਪਰੈਲ ਦੀ ਰਾਤ ਨੂੰ ਚੋਰ ਉਸ ਦੇ ਦੁਧਾਰੂ ਪਸ਼ੂ ਚੋਰੀ ਕਰਕੇ ਲੈ ਗਏ। ਉਨ੍ਹਾਂ ਕਿਹਾ ਕਿ ਪੁਲੀਸ ਨੇ ਚੋਰੀ ਵਾਲੀ ਰਾਤ ਐਕਟਿਵ ਫੋਨ ਨੰਬਰਾਂ ਦੀ ਛਾਣਬੀਣ ਵੀ ਕੀਤੀ ਗਈ ਪਰ ਇੱਕ ਵਿਅਕਤੀ ਤੋਂ ਪੁੱਛਗਿੱਛ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੁਲੀਸ ਉੱਤਰ ਪ੍ਰਦੇਸ਼ ਵਿੱਚ ਪਾਰਟੀ ਭੇਜਣ ਦੇ ਲਾਰੇ ਲਗਾਉਂਦੀ ਆ ਰਹੀ ਹੈ। ਇਸੇ ਤਰ੍ਹਾਂ ਜਗਤਾਰ ਸਿੰਘ ਕਕਰਾਲੀ ਨੇ ਦੱਸਿਆ ਕਿ ਉਸ ਦੇ ਪਸ਼ੂਆਂ ਦੀ ਚੋਰੀ ਸਬੰਧੀ ਪੁਲੀਸ ਦੋ ਹਫ਼ਤੇ ਬੀਤਣ ਬਾਅਦ ਕੁਝ ਨਹੀਂ ਕਰ ਸਕੀ।
ਡੀਐੱਸਪੀ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ: ਡੀਐੱਸਪੀ ਰਵਿੰਦਰਪਾਲ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਮੱਝਾਂ ਚੋਰੀ ਕਰਨ ਵਾਲੇ ਮੁਲਜ਼ਮਾਂ ਦੀ ਭਾਲ ਲਈ ਤੁਰੰਤ ਪੁਲੀਸ ਪਾਰਟੀ ਉੱਤਰ ਪ੍ਰਦੇਸ਼ ਭੇਜੀ ਜਾਵੇਗੀ ਅਤੇ ਮਾਮਲੇ ਸਬੰਧੀ ਜਾਂਚ ਤੇਜ਼ ਕੀਤੀ ਜਾਵੇਗੀ। ਪੁਲੀਸ ਦੇ ਭਰੋਸੇ ਤੋਂ ਬਾਅਦ ਲੋਕਾਂ ਨੇ ਧਰਨਾ ਚੱਕਿਆ।
ਜਾਮ ਤੋਂ ਬਚਣ ਵੇਲੇ ਵਾਹਨ ਦਾ ਕੈਬਿਨ ਸੜਿਆ
ਰੂਪਨਗਰ (ਪੱਤਰ ਪ੍ਰੇਰਕ): ਪਿੰਡ ਬੰਨ੍ਹਮਾਜਰਾ ਵਿੱਚ ਜਾਮ ਤੋਂ ਬਚਣ ਲਈ ਪੇਂਡੂ ਰਸਤਿਆਂ ਰਾਹੀਂ ਨਿਕਲਣ ਵੇਲੇ ਪਿੰਡ ਅਧਰੇੜਾ ਨੇੜੇ ਸਵਰਾਜ ਮਾਜ਼ਦਾ ਗੱਡੀ ਦੀ ਨਵੀਂ ਚੈਸੀ ਦੇ ਕੈਬਿਨ ਨੂੰ ਅੱਗ ਲੱਗ ਗਈ। ਥਾਣਾ ਸਿੰਘ ਭਗਵੰਤਪੁਰ ਦੇ ਜਾਂਚ ਅਧਿਕਾਰੀ ਸੁਭਾਸ਼ ਚੰਦਰ ਨੇ ਦੱਸਿਆ ਲਾਭ ਸਿੰਘ ਵਾਸੀ ਪਿੰਡ ਦਾਉਮਾਜਰਾ ਰੂਪਨਗਰ ਤੋਂ ਸਵਰਾਜ ਮਾਜ਼ਦਾ ਗੱਡੀ ਦੀ ਨਵੀਂ ਚੈਸੀ ਗੁਜਰਾਤ ਛੱਡਣ ਜਾ ਰਿਹਾ ਸੀ। ਜਦੋਂ ਉਹ ਪਿੰਡ ਬੰਨ੍ਹਮਾਜਰਾ ਟੀ-ਪੁਆਇੰਟ ਨੇੜੇ ਪੁੱਜਿਆ ਤਾਂ ਜਾਮ ਕਾਰਨ ਉਸ ਨੇ ਗੱਡੀ ਨੂੰ ਪੇਂਡੂ ਰਸਤੇ ਰਾਹੀਂ ਮੋੜ ਲਿਆ ਤੇ ਪਿੰਡ ਅਧਰੇੜਾ ਨੇੜੇ ਪੁੱਜ ਕੇ ਗੱਡੀ ਵਿੱਚ ਤਕਨੀਕੀ ਨੁਕਸ ਪੈ ਜਾਣ ਕਾਰਨ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ’ਤੇ ਪੁਲੀਸ ਹਰਕਤ ਵਿੱਚ ਆਈ ਤੇ ਧਰਨੇ ਲਈ ਰੂਪਨਗਰ ਤੋਂ ਬੁਲਾਈ ਹੋਈ ਅੱਗ ਬੁਝਾਊ ਗੱਡੀ ਨੇ ਮੌਕੇ ’ਤੇ ਪੁੱਜ ਕੇ ਅੱਗ ਬੁਝਾਈ ਪਰ ਤਦ ਤੱਕ ਗੱਡੀ ਦਾ ਕੈਬਿਨ ਸੜ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਘਟਨਾ ਵਾਲੇ ਸਥਾਨ ਦੇ ਨੇੜੇ ਹੀ ਲਗਭਗ ਢਾਈ ਤਿੰਨ ਸੌ ਮੀਟਰ ਦੀ ਦੂਰੀ ’ਤੇ ਗੈਸ ਏਜੰਸੀ ਦਾ ਗੋਦਾਮ ਸੀ ਤੇ ਵੱਡਾ ਨੁਕਸਾਨ ਹੋ ਸਕਦਾ ਸੀ।