ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਅਪਰੈਲ
ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸ਼ਹੀਦਾਂ ਦੇ ਪਿੰਡਾਂ ਦੀ ਮਿੱਟੀ ਦਿੱਲੀ ਦੇ ਬਾਰਡਰਾਂ ’ਤੇ ਪੁੱਜ ਗਈ ਹੈ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਔਰਤਾਂ ਤੇ ਕਿਸਾਨ ਪਰਿਵਾਰ ਮਿੱਟੀ ਨਾਲ ਭਰੀਆਂ ਮਟਕੀਆਂ ਲੈ ਕੇ ਮੰਚ ਤੱਕ ਪੁੱਜੇ। ਅੱਜ ਸਿੰਘੂ ਬਾਰਡਰ ’ਤੇ ਯੋਗਿੰਦਰ ਯਾਦਵ ਅਤੇ ਮੇਧਾ ਪਾਟੇਕਰ ਸਮੇਤ ਹੋਰ ਸਮਾਜਕ ਕਾਰਕੁਨ ਹਾਜ਼ਰ ਸਨ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ 131 ਦਿਨਾਂ ਤੋਂ ਅਣਮਿੱਥੇ ਸਮੇਂ ਲਈ ਚੱਲ ਰਿਹੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਮਿੱਟੀ ਸੱਤਿਆਗ੍ਰਹਿ ਯਾਤਰਾ ਦੇਸ਼ ਭਰ ਵਿੱਚ ਕੱਢੀ ਗਈ ਸੀ। ਯਾਤਰਾ ਰਾਹੀਂ ਉਭਾਰੀਆਂ ਮੰਗਾਂ ’ਚ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨਾ, ਸਾਰੇ ਖੇਤੀ ਉਤਪਾਦਾਂ ਦੀ ਐੱਮਐੱਸਪੀ ਖ਼ਰੀਦ ‘ਤੇ ਕਾਨੂੰਨੀ ਗਾਰੰਟੀ ਤੇ ਬਿਜਲੀ ਸੋਧ ਬਿੱਲ ਅਤੇ ਹੋਰ ਮੰਗਾਂ ਸ਼ਾਮਲ ਹਨ।
ਮਿੱਟੀ ਸੱਤਿਆਗ੍ਰਹਿ ਯਾਤਰਾ 30 ਮਾਰਚ ਨੂੰ ਡਾਂਡੀ (ਗੁਜਰਾਤ) ਤੋਂ ਸ਼ੁਰੂ ਹੋਈ ਤੇ ਰਾਜਸਥਾਨ, ਹਰਿਆਣਾ, ਪੰਜਾਬ ਦੇ ਰਸਤੇ ਦਿੱਲੀ ਦੀਆਂ ਸਰਹੱਦਾਂ ’ਤੇ ਪਹੁੰਚੀ। ਦੌਰੇ ਦੌਰਾਨ ਸਾਰੇ ਦੇਸ਼ ਤੋਂ 23 ਰਾਜਾਂ ਦੇ 1500 ਪਿੰਡਾਂ ਦੀ ਮਿੱਟੀ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਦਿੱਲੀ ਪਹੁੰਚੀ। ਮਿੱਟੀ ਮੁੱਖ ਤੌਰ ’ਤੇ ਇਤਿਹਾਸਕ ਥਾਵਾਂ ਤੋਂ ਲਿਆਂਦੀ ਗਈ ਹੈ ਤੇ ਇਨ੍ਹਾਂ ’ਚ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ, ਸ਼ਹੀਦ ਸੁਖਦੇਵ ਦੇ ਪਿੰਡ ਨੌਘਰਾ ਜ਼ਿਲ੍ਹਾ ਲੁਧਿਆਣਾ, ਸ਼ਹੀਦ ਊਧਮ ਸਿੰਘ ਦੇ ਪਿੰਡ ਸੁਨਾਮ ਜ਼ਿਲ੍ਹਾ ਸੰਗਰੂਰ, ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦੇ ਜਨਮ ਸਥਾਨ ਭਾਭੜਾ, ਝਬੂਆ, ਮਾਮਾ ਬਾਲੇਸ਼ਵਰ ਦਿਆਲ ਦੀ ਸਮਾਧੀ ਬਮਾਨੀਆ, ਸਾਬਰਮਤੀ ਆਸ਼ਰਮ, ਸਰਦਾਰ ਪਟੇਲ ਦੀ ਰਿਹਾਇਸ਼, ਬਾਰਦੋਲੀ ਕਿਸਾਨ ਲਹਿਰ ਦੇ ਸਥਾਨ, ਸ਼ਿਵਸਾਗਰ ਪੱਛਮੀ ਬੰਗਾਲ ਵਿੱਚ ਅਸਾਮ, ਸਿੰਗੂਰ ਅਤੇ ਨੰਦੀਗ੍ਰਾਮ, ਉੱਤਰ ਦੀਨਾਜਪੁਰ, ਵਾਸਾ ਕਲਿਆਣ ਅਤੇ ਕਰਨਾਟਕ ਵਿੱਚ ਬੇਲਾਰੀ, ਗੁਜਰਾਤ ਦੇ 33 ਜ਼ਿਲ੍ਹੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਦੇ 800 ਪਿੰਡਾਂ ’ਚੋਂ ਮਹਾਰਾਸ਼ਟਰ ਦੇ 150 ਪਿੰਡ, ਰਾਜਸਥਾਨ ਦੇ 200 ਪਿੰਡਾਂ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ 75 ਪਿੰਡਾਂ, ਉੱਤਰ ਪ੍ਰਦੇਸ਼ ਤੇ ਬਿਹਾਰ ਦੇ 30 ਪਿੰਡਾਂ, ਹਰਿਆਣਾ ਦੇ 60 ਪਿੰਡਾਂ, ਪੰਜਾਬ ਦੇ 78 ਪਿੰਡਾਂ ਦੀ ਮਿੱਟੀ ਤੋਂ ਇਲਾਵਾ ਓੜੀਸਾ ਦੇ ਨਵਰੰਗਪੁਰ ਜ਼ਿਲ੍ਹੇ ਦੇ ਪਿੰਡ ਪਾਪੜਹਿੰਦੀ ਦੀ ਮਿੱਟੀ ਵੀ ਲਿਆਂਦੀ ਗਈ ਹੈ ਜਿੱਥੇ ਸੰਨ 1942 ਵਿੱਚ ਅੰਗਰੇਜ਼ਾਂ ਨੇ 19 ਸੱਤਿਆਗ੍ਰਹੀ ਮਾਰੇ ਸਨ।
ਉਨ੍ਹਾਂ ਕਿਹਾ ਕਿ ਸੰਬਲਪੁਰ ਦੇ ਸ਼ਹੀਦ ਵੀਰ ਸੁਰੇਂਦਰ ਸਾਈ, ਸੁਕਟੇਲ ਡੈਮ ਅੰਦੋਲਨ ਦੇ ਪਿੰਡ ਤੇ ਉੜੀਸਾ ਦੇ ਹੋਰ 20 ਜ਼ਿਲ੍ਹਿਆਂ ਦੇ 20 ਪਿੰਡ, ਛੱਤੀਸਗੜ੍ਹ ਵਿੱਚ ਬਸਤਰ, ਸ਼ਹੀਦ ਗੁੰਡਾਧੂਰ ਪਿੰਡ ਨੇਤਨਰ, ਦੱਲੀ ਰਾਜਹਾਰਾ, ਕੰਡੇਲ, ਮੰਦਸੌਰ ਵਿੱਚ ਕਿਸਾਨਾਂ ਦੀ ਸ਼ਹਾਦਤ ਵਾਲੀ ਜਗ੍ਹਾ, ਛਤਰਪੁਰ, ਗਵਾਲੀਅਰ ਵਿੱਚ ਵੀਰਾਂਗਨਾ ਲਕਸ਼ਮੀ ਬਾਈ ਦੀ ਸ਼ਹਾਦਤ ਵਾਲੀ ਜਗ੍ਹਾ, ਮੱਧ ਪ੍ਰਦੇਸ਼ ਦੇ 25, ਜ਼ਿਲ੍ਹਿਆਂ ਦੇ 50 ਪਿੰਡਾਂ ਦੀ ਮਿੱਟੀ ਦਿੱਲੀ ਦੀਆਂ ਸਰਹੱਦਾਂ ’ਤੇ ਪਹੁੰਚੀ। ਦਿੱਲੀ ਦੇ ਸਮਾਜਿਕ ਕਾਰਕੁਨ ਵੀ 20 ਥਾਵਾਂ ਦੀ ਮਿੱਟੀ ਨਾਲ ਮੋਰਚਿਆਂ ‘ਤੇ ਪਹੁੰਚੇ। ਕਿਸਾਨ-ਮੋਰਚਿਆਂ ‘ਤੇ ਸ਼ਹੀਦ ਕਿਸਾਨਾਂ ਨੂੰ ਸਮਰਪਿਤ ਯਾਦਗਾਰ ਬਣਾਈ ਗਈ ਹੈ।
‘ਭਾਜਪਾ ਆਗੂ ਅਹੁਦੇ ਛੱਡਣ’
ਸੰਯੁਕਤ ਕਿਸਾਨ ਮੋਰਚਾ ਨੇ ਇੱਕ ਵਾਰ ਫਿਰ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨ ਸੰਘਰਸ਼ ਦੇ ਸਮਰਥਨ ਵਿੱਚ ਆਪਣੇ ਅਹੁਦੇ ਤਿਆਗ ਦੇਣ। ਬਹੁਤ ਸਾਰੇ ਆਗੂਆਂ ਨੇ ਭਾਜਪਾ ਵਿੱਚ ਹੁੰਦਿਆਂ ਵੀ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕੀਤੀ ਹੈ। ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਕਿਸਾਨਾਂ ਨੇ ਭਾਜਪਾ ਅਤੇ ਇਸ ਦੇ ਸਹਿਯੋਗੀ ਪਾਰਟੀਆਂ ਅਤੇ ਆਗੂਆਂ ਦਾ ਸਮਾਜਿਕ ਬਾਈਕਾਟ ਵੀ ਕੀਤਾ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਜਪਾ ਤੇ ਹੋਰ ਪਾਰਟੀਆਂ ਦੇ ਆਗੂਆਂ ਨੇ ਕਿਸਾਨ ਵਿਰੋਧੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਆਪਣੇ ਅਹੁਦੇ ਛੱਡ ਦਿੱਤੇ ਹਨ।