ਖੇਤਰੀ ਪ੍ਰਤੀਨਿਧ
ਪਟਿਆਲਾ, 31 ਮਾਰਚ
ਪੀਆਰਟੀਸੀ ਵੱਲੋਂ ਕੁਝ ਸਾਲ ਪਹਿਲਾਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਹੜਤਾਲ ਕਰਨ ਵਾਲੇ ਆਊਟ ਸੋਰਸਿੰਗ ਪ੍ਰ੍ਣਾਲੀ ਵਾਲੇ ਸੈਂਕੜੇ ਹੀ ਮੁਲਾਜ਼ਮਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਅੱਜ ਨਵੇਂ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ 600 ਮੁਲਾਜ਼ਮਾਂ ਨੂੰ ਬਹਾਲ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ 25 ਕਰਮਚਾਰੀਆਂ ਨੂੰ ਅੱਜ ਪਹਿਲੀ ਵਾਰ ਪੀਆਰਟੀਸੀ ਦੇ ਦਫ਼ਤਰ ਪੁੱਜੇ ਸ੍ਰੀ ਭੁੱਲਰ ਨੇ ਨਿਯੁਕਤੀ ਪੱਤਰ ਵੀ ਸੌਂਪੇ ਹਨ। ਇਸ ਮੌਕੇ ਪੀਆਰਟੀਸੀ ਦੇ ਐੱਮਡੀ ਪਰਨੀਤ ਸ਼ੇਰਗਿੱਲ ਨੇ ਸ੍ਰੀ ਭੁੱਲਰ ਦਾ ਸਨਮਾਨ ਕੀਤਾ। ਇਸ ਤੋਂ ਪਹਿਲਾਂ ਸਰਕਟ ਹਾਊਸ ਵਿੱਚ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜੇਮਾਜਰਾ, ਘਨੌਰ ਤੋਂ ਵਿਧਾਇਕ ਗੁਰਲਾਲ ਘਨੌਰ, ਨਾਭਾ ਦੇ ਵਿਧਾਇਕ ਸਗੁਰਦੇਵ ਸਿੰਘ ਦੇਵ ਮਾਨ ਸਮੇਤ ਡੀਸੀ ਸੰਦੀਪ ਹੰਸ ਤੇ ਹੋਰਨਾਂ ਨੇ ਟਰਾਂਸਪੋਰਟ ਮੰਤਰੀ ਦਾ ਪਟਿਆਲਾ ਪੁੱਜਣ ’ਤੇ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਭੇਟ ਕੀਤਾ ਗਿਆ।