ਸਰਬਜੀਤ ਸਿੰਘ ਭੰਗੂ /ਬਹਾਦਰ ਸਿੰਘ ਮਰਦਾਂਪੁਰ
ਪਟਿਆਲਾ/ਘਨੌਰ, 17 ਜਨਵਰੀ
ਸੰਯੁਕਤ ਕਿਸਾਨ ਮੋਰਚੇ ਵਿਚੋਂ ਬਾਹਰ ਆ ਕੇ ਚੋਣ ਪਿੜ ’ਚ ਆਏ ਸੰਯੁਕਤ ਸਮਾਜ ਮੋਰਚੇ ਅਤੇ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠਲੀ ਸੰਯੁਕਤ ਸੰਘਰਸ਼ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਰਲ ਕੇ ਲੜੀਆਂ ਜਾਣਗੀਆਂ। ਸੰਯੁਕਤ ਕਿਸਾਨ ਮੋਰਚੇ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਐਲਾਨ ਕੀਤਾ ਕਿ ਚੜੂਨੀ ਦੀ ਪਾਰਟੀ ਲਈ ਦਸ ਸੀਟਾਂ ਛੱਡੀਆਂ ਜਾਣਗੀਆਂ। ਉਨ੍ਹਾਂ ਹਲਕਾ ਘਨੌਰ ਤੋਂ ਮੋਰਚੇ ਦੇ ਉਮੀਦਵਾਰ ਪ੍ਰੇਮ ਸਿੰਘ ਭੰਗੂ ਦੇ ਚੋਣ ਦਫਤਰ ਦਾ ਉਦਘਾਟਨ ਵੀ ਕੀਤਾ।
ਰਾਜੇਵਾਲ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਪੰਜਾਬ ਵਾਸੀਆਂ, ਖਾਸ ਕਰਕੇ ਨੌਜਵਾਨਾਂ ਦਾ ਕਈ ਪੱਖਾਂ ਤੋਂ ਨੁਕਸਾਨ ਕੀਤਾ ਹੈ ਜਿਸ ਕਰਕੇ ਹੀ ਕਿਸਾਨਾਂ ਨੂੰ ਚੋਣ ਪਿੜ ’ਚ ਉਤਰਨਾ ਪਿਆ ਹੈ। ਕਿਸਾਨ ਮੋਰਚੇ ਵੱਲੋਂ ਚੋਣਾਂ ਲੜਨ ਵਾਲੀਆਂ ਜਥੇਬੰਦੀਆਂ ਨਾਲੋਂ ਤੋੜ ਵਿਛੋੜਾ ਕੀਤੇ ਜਾਣ ਸਬੰਧੀ ਐਲਾਨ ਬਾਰੇ ਪੁੱਛੇ ਜਾਣ ’ਤੇ ਰਾਜੇਵਾਲ ਦਾ ਕਹਿਣਾ ਸੀ ਕਿ 22 ਜਥੇਬੰਦੀਆਂ ਨੂੰ 10 ਜਥੇਬੰਦੀਆਂ ਕਿਵੇਂ ਵੱਖ ਕਰ ਸਕਦੀਆਂ ਹਨ।
ਹਰਪਾਲਪੁਰ ਸੰਯੁਕਤ ਸਮਾਜ ਮੋਰਚੇ ’ਚ ਸ਼ਾਮਲ
ਖਾਦੀ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਘਨੌਰ ਤੋਂ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਭਾਣਜੇ ਹਰਵਿੰਦਰ ਸਿੰਘ ਹਰਪਾਲਪੁਰ ਅੱਜ ਅਕਾਲੀ ਦਲ ਛੱਡ ਕੇ ਸੰਯੁਕਤ ਸਮਾਜ ਮੋਰਚੇ ਵਿੱਚ ਸ਼ਾਮਲ ਹੋ ਗਏ। ਜ਼ਿਕਰਯੋਗ ਹੈ ਕਿ ਹਰਪਾਲਪੁਰ ਘਨੌਰ ਤੋਂ ਅਕਾਲੀ ਟਿਕਟ ਦੇ ਦਾਅਵੇਦਾਰ ਸਨ।