ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 21 ਅਕਤੂਬਰ
ਮੁੱਖ ਅੰਸ਼
- ਪੌਣੇ ਘੰਟੇ ਵਿੱਚ ਤੈਅ ਹੋਵੇਗਾ ਸਫ਼ਰ
ਉੱਤਰਾਖੰਡ ’ਚ ਲਗਭਗ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਰੋਪਵੇਅ ਬਣਨ ਨਾਲ ਹੁਣ ਹਰੇਕ ਸ਼ਰਧਾਲੂ ਉਥੋਂ ਦੇ ਦਰਸ਼ਨ ਕਰ ਸਕੇਗਾ। ਕਰੀਬ 1163 ਕਰੋੜ ਰੁਪਏ ਨਾਲ ਤਿਆਰ ਹੋਣ ਵਾਲੇ ਇਸ ਰੋਪਵੇਅ ਦਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਂਹ ਪੱਥਰ ਰੱਖਿਆ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੀਤ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਅਤੇ ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਗਲੇ ਵਰ੍ਹੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਆਉਣ ਦਾ ਸੱਦਾ ਦਿੱਤਾ ਹੈ ਜਿਸ ਨੂੰ ਉਨ੍ਹਾਂ ਪ੍ਰਵਾਨ ਕਰ ਲਿਆ ਹੈ। ਨੀਂਹ ਪੱਥਰ ਰੱਖਣ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੇਮਕੁੰਟ ਸਾਹਿਬ ਗੁਰਦੁਆਰੇ ਤੱਕ ਪਹੁੰਚ ਲਈ ਰੋਪਵੇਅ ਦਾ ਲਾਭ ਨਾ ਸਿਰਫ਼ ਦੇਸ਼ ਸਗੋਂ ਇੰਗਲੈਂਡ, ਜਰਮਨੀ ਅਤੇ ਕੈਨੇਡਾ ਦੇ ਸਿੱਖਾਂ ਨੂੰ ਵੀ ਹੋਵੇਗਾ।
ਉਨ੍ਹਾਂ ਸਥਾਨਕ ਲੋਕਾਂ ਨੂੰ ਰੋਪਵੇਅ ਪ੍ਰਾਜੈਕਟਾਂ ਦੀ ਉਸਾਰੀ ’ਚ ਲੱਗੇ ਮਜ਼ਦੂਰਾਂ ਦੀ ਹਮਾਇਤ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਪਰਮਾਤਮਾ ਦੀ ਸੇਵਾ ’ਚ ਲੱਗੇ ਹੋਏ ਹਨ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਰੋਪਵੇਅ ਦਾ ਰਾਹ ਪੱਧਰਾ ਹੋਣ ’ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਸ਼ਲਾਘਾ ਕੀਤੀ ਹੈ। ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਵਿਚ ਉਨ੍ਹਾਂ ਦੇ ਤਪ ਅਸਥਾਨ ਵਜੋਂ ਜਾਣੇ ਜਾਂਦੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੱਕ ਪਹੁੰਚਣ ਲਈ ਰਾਹ ਸੁਖਾਲਾ ਕਰਨ ਵਾਸਤੇ ਪਿਛਲੇ ਇੱਕ ਦਹਾਕੇ ਤੋਂ ਯਤਨ ਕੀਤੇ ਜਾ ਰਹੇ ਸਨ। ਸਾਲ 2016 ਵਿੱਚ ਗੁਰਦੁਆਰਾ ਗੋਬਿੰਦ ਘਾਟ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਲਗਪਗ ਛੇ ਕਿਲੋਮੀਟਰ ਦੇ ਰਸਤੇ ਵਾਸਤੇ ਰੋਪਵੇਅ ਦੀ ਯੋਜਨਾ ਤਿਆਰ ਹੋਈ ਸੀ। ਇਸ ਸਬੰਧ ਵਿੱਚ ਹਰ ਵਿਭਾਗ ਕੋਲੋਂ ਐੱਨਓਸੀ ਵੀ ਲੈ ਲਈ ਗਈ ਸੀ ਪਰ ਐਨ ਆਖਰੀ ਮੌਕੇ ’ਤੇ ਇਹ ਯੋਜਨਾ ਠੰਢੇ ਬਸਤੇ ਵਿੱਚ ਪੈ ਗਈ ਸੀ। ਸ੍ਰੀ ਬਿੰਦਰਾ ਨੇ ਦੱਸਿਆ ਕਿ ਪ੍ਰਸਤਾਵਿਤ ਰੋਪਵੇਅ ਯੋਜਨਾ ਤਹਿਤ ਕਰੀਬ ਸਾਢੇ 12 ਕਿਲੋਮੀਟਰ ਦਾ ਰੋਪਵੇਅ ਤਿਆਰ ਹੋਵੇਗਾ ਅਤੇ ਇਹ ਰਸਤਾ ਸਿਰਫ਼ 45 ਮਿੰਟਾਂ ਵਿੱਚ ਪੂਰਾ ਕੀਤਾ ਜਾ ਸਕੇਗਾ। ਇਸ ਵੇਲੇ ਲਗਪਗ 19 ਕਿਲੋਮੀਟਰ ਦੀ ਤਿੱਖੀ ਚੜ੍ਹਾਈ ਵਾਲਾ ਇਹ ਰਸਤਾ ਦੋ ਦਿਨਾਂ ਵਿਚ ਯਾਤਰੂਆਂ ਵੱਲੋਂ ਪੂਰਾ ਕੀਤਾ ਜਾਂਦਾ ਹੈ। ਇਹ ਯੋਜਨਾ 2024 ਤਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਮੀਤ ਚੇਅਰਮੈਨ ਨੇ ਦੱਸਿਆ ਕਿ ਇਸ ਯੋਜਨਾ ਸਬੰਧੀ ਟੈਂਡਰ ਪ੍ਰਕਿਰਿਆ ਜਨਵਰੀ ਤੱਕ ਮੁਕੰਮਲ ਹੋ ਜਾਵੇਗੀ ਜਿਸ ਨੂੰ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਮੁਕੰਮਲ ਕੀਤਾ ਜਾਵੇਗਾ।
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਆਖਿਆ ਕਿ ਪ੍ਰਧਾਨ ਮੰਤਰੀ ਵੱਲੋਂ ਸਿੱਖ ਭਾਈਚਾਰੇ ਨੂੰ ਇਹ ਦੀਵਾਲੀ ਦਾ ਤੋਹਫਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨਾਂ ਵਾਸਤੇ ਕੇਂਦਰ ਸਰਕਾਰ ਵੱਲੋਂ ਇਹ ਇਕ ਵੱਡੀ ਅਤੇ ਮਹਿੰਗੀ ਯੋਜਨਾ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰੋਪਵੇਅ ਮਾਰਗ ਤਿਆਰ ਹੋਣ ਨਾਲ ਜਿੱਥੇ ਸਮਾਂ ਬਚੇਗਾ, ਉੱਥੇ ਬਜ਼ੁਰਗ, ਬੱਚੇ, ਔਰਤਾਂ ਅਤੇ ਹਰ ਉਮਰ ਦੇ ਸ਼ਰਧਾਲੂ ਦਰਸ਼ਨ ਕਰ ਸਕਣਗੇ।
ਮੋਦੀ ਦਾ ਅਯੁੱਧਿਆ ਦੌਰਾ ਭਲਕੇ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਵਾਲੀ ਤੋਂ ਇਕ ਦਿਨ ਪਹਿਲਾਂ 23 ਅਕਤੂਬਰ ਨੂੰ ਅਯੁੱਧਿਆ ਜਾਣਗੇ। ਉਹ ਭਗਵਾਨ ਸ੍ਰੀ ਰਾਮਲੱਲਾ ਵਿਰਾਜਮਾਨ ਦੇ ਦਰਸ਼ਨ ਅਤੇ ਪੂਜਾ ਕਰਨਗੇ। ਇਸ ਦੌਰਾਨ ਉਹ ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਵਾਲੀ ਥਾਂ ਦਾ ਨਿਰੀਖਣ ਵੀ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਸ੍ਰੀ ਮੋਦੀ 23 ਅਕਤੂਬਰ ਨੂੰ ਸ਼ਾਮ ਪੌਣੇ 6 ਵਜੇ ਦੇ ਕਰੀਬ ਭਗਵਾਨ ਸ੍ਰੀ ਰਾਮ ਦਾ ਰਾਜਅਭਿਸ਼ੇਕ ਕਰਨਗੇ। ਸਾਢੇ 6 ਵਜੇ ਦੇ ਕਰੀਬ ਉਹ ਸਰਯੂ ਦਰਿਆ ਦੇ ਨਵੇਂ ਘਾਟ ’ਤੇ ਆਰਤੀ ’ਚ ਸ਼ਾਮਲ ਹੋਣਗੇ ਜਿਸ ਮਗਰੋਂ ਦੀਪ ਉਤਸਵ ਦੇ ਪ੍ਰੋਗਰਾਮ ਸ਼ੁਰੂ ਹੋਣਗੇ। ਇਸ ਮੌਕੇ 15 ਲੱਖ ਤੋਂ ਜ਼ਿਆਦਾ ਦੀਵੇ ਜਗਾਏ ਜਾਣਗੇ। -ਏਐੱਨਆਈ