ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਮਈ
ਪੰਜਾਬ ਸਰਕਾਰ ਨੇ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਵਿੱਚ ਪਾਬੰਦੀਆਂ ਦਾ ਘੇਰਾ ਸਖਤ ਕਰ ਦਿੱਤਾ ਹੈ। ਸੂਬੇ ਦੇ ਗ੍ਰਹਿ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰਕੇ 15 ਮਈ ਤੱਕ ਪਾਬੰਦੀਆਂ ਆਇਦ ਕਰ ਦਿੱਤੀਆਂ ਹਨ। ਨਵੇਂ ਨੋਟੀਫਿਕੇਸ਼ਨ ਅਨੁਸਾਰ ਬਾਹਰਲੇ ਸੂਬਿਆਂ ਤੋਂ ਆਉਣ ਵਾਲਿਆਂ ਨੂੰ ਹੁਣ ਕਰੋਨਾ ਦੀ ਨੈਗੇਟਿਵ ਰਿਪੋਰਟ ਨਾਲ ਹੀ ਦਾਖਲਾ ਮਿਲ ਸਕੇਗਾ ਜਾਂ ਦੋ ਹਫਤਿਆਂ ਅੰਦਰ ਵੈਕਸੀਨ ਦੀ ਘੱਟੋ ਘੱਟ ਇੱਕ ਡੋਜ਼ ਲਏ ਜਾਣ ਵਾਲਾ ਸਰਟੀਫਿਕੇਟ ਦਿਖਾਉਣਾ ਲਾਜ਼ਮੀ ਹੋਵੇਗਾ। ਨੋਟੀਫਿਕੇਸ਼ਨ ਅਨੁਸਾਰ ਹੁਣ ਪਿੰਡਾਂ ਵਿਚ ਠੀਕਰੀ ਪਹਿਰੇ ਲੱਗਣਗੇ ਜਦਕਿ ਸ਼ਹਿਰਾਂ ’ਚ ਹਫ਼ਤਾਵਾਰੀ ਮੰਡੀਆਂ ਬੰਦ ਰਹਿਣਗੀਆਂ। ਰੋਜ਼ਾਨਾ ਰਾਤਰੀ ਕਰਫਿਊ ਸ਼ਾਮ ਨੂੰ ਛੇ ਤੋਂ ਸਵੇਰੇ ਪੰਜ ਵਜੇ ਤੱਕ ਰਹੇਗਾ ਅਤੇ ਹਫ਼ਤਾਵਾਰੀ ਲੌਕਡਾਊਨ ਸ਼ੁੱਕਰਵਾਰ ਸ਼ਾਮ 6 ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਪਬਲਿਕ ਟਰਾਂਸਪੋਰਟ 50 ਫੀਸਦੀ ਸਮਰੱਥਾ ਨਾਲ ਚੱਲ ਸਕੇਗੀ। ਕਾਰਾਂ ਆਦਿ ’ਚ ਸਿਰਫ਼ ਦੋ ਲੋਕ ਹੀ ਸਫ਼ਰ ਕਰ ਸਕਣਗੇ ਜਦਕਿ ਦੋਪਹੀਆ ਵਾਹਨਾਂ ’ਤੇ ਸਿਰਫ਼ ਇੱਕ ਵਿਅਕਤੀ ਹੀ ਸਫ਼ਰ ਕਰ ਸਕੇਗਾ। ਸਿਨੇਮਾ ਹਾਲ, ਬਾਰ, ਜਿਮ, ਸਵਿਮਿੰਗ ਪੂਲ, ਕੋਚਿੰਗ ਸੈਂਟਰ ਅਤੇ ਸਪੋਰਟਸ ਕੰਪਲੈਕਸ ਬੰਦ ਰਹਿਣਗੇ। ਰੈਸਟੋਰੈਂਟ ਵਗੈਰਾ ਤੋਂ ਰਾਤ 9 ਵਜੇ ਤੱਕ ਸਿਰਫ਼ ਹੋਮ ਡਲਿਵਰੀ ਹੋ ਸਕੇਗੀ। ਸਕੂਲਾਂ ਤੇ ਕਾਲਜਾਂ ਸਮੇਤ ਵਿੱਦਿਅਕ ਅਦਾਰੇ ਬੰਦ ਰਹਿਣਗੇ ਜਦਕਿ ਮੈਡੀਕਲ ਅਤੇ ਨਰਸਿੰਗ ਕਾਲਜ ਖੁੱਲ੍ਹੇ ਰਹਿਣਗੇ। ਸਾਰੀਆਂ ਭਰਤੀ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਵੇਂ ਹੀ ਸਿਆਸੀ ਇਕੱਠਾਂ ਅਤੇ ਹਰ ਤਰ੍ਹਾਂ ਦੇ ਸਮਾਗਮਾਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਰਕਾਰੀ ਦਫ਼ਤਰ ਅਤੇ ਬੈਂਕ ਹੁਣ ਪੰਜਾਹ ਫੀਸਦੀ ਸਮਰੱਥਾ ਨਾਲ ਖੁੱਲ੍ਹਣਗੇ ਜਦਕਿ ਪ੍ਰਾਈਵੇਟ ਦਫ਼ਤਰ ਬੰਦ ਰਹਿਣਗੇ ਅਤੇ ਇਨ੍ਹਾਂ ਦੇ ਮੁਲਾਜ਼ਮ ‘ਵਰਕ ਫਰਾਮ ਹੋਮ’ ਕਰ ਸਕਣਗੇ। ਵਿਆਹ ਤੇ ਹੋਰ ਸਮਾਗਮਾਂ ’ਚ ਹੁਣ ਸਿਰਫ਼ 10 ਲੋਕ ਹੀ ਸ਼ਾਮਿਲ ਹੋ ਸਕਣਗੇ। ਸਰਕਾਰੀ ਦਫ਼ਤਰਾਂ ਵਿਚ 45 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਹੈਲਥ ਤੇ ਫਰੰਟ ਲਾਈਨ ਵਰਕਰਾਂ, ਜਿਨ੍ਹਾਂ ਨੇ ਲੰਘੇ 15 ਦਿਨਾਂ ਦੌਰਾਨ ਟੀਕੇ ਦੀ ਇੱਕ ਵੀ ਡੋਜ਼ ਨਹੀਂ ਲਈ, ਨੂੰ ਛੁੱਟੀ ’ਤੇ ਭੇਜਿਆ ਜਾਵੇਗਾ। ਉਹ ਜਦ ਤੱਕ ਵੈਕਸੀਨ ਨਹੀਂ ਲਗਵਾਉਣਗੇ, ਉਦੋਂ ਤੱਕ ਛੁੱਟੀ ’ਤੇ ਰਹਿਣਗੇ।
ਮਾਲ ਮਹਿਕਮੇ ਲਈ ਹਦਾਇਤ ਹੈ ਕਿ ਆਮ ਲੋਕਾਂ ਨੂੰ ਸੰਪਤੀ ਦੀ ਵੇਚ ਵੱਟਤ ਦੀ ਰਜਿਸਟਰੀ ਲਈ ਘੱਟ ਤੋਂ ਘੱਟ ਰਜਿਸਟਰੀਆਂ ਲਈ ਅਗਾਊਂ ਸਮਾਂ ਦੇਵੇ। ਸਰਕਾਰੀ ਦਫ਼ਤਰਾਂ ਵਿਚ ਪਬਲਿਕ ਡੀਲਿੰਗ ਘਟਾ ਕੇ ਲੋਕ ਸ਼ਿਕਾਇਤਾਂ ਆਨ ਲਾਈਨ ਢੰਗ ਨਾਲ ਦੂਰ ਕੀਤੀਆਂ ਜਾਣ।