ਪੱਤਰ ਪ੍ਰੇਰਕ
ਯਮੁਨਾਨਗਰ, 4 ਫਰਵਰੀ
ਫਰਖਪੁਰ ਰੇਲਵੇ ਵਰਕਸ਼ਾਪ ਦਾ ਰੇਲਵੇ ਫਾਟਕ ਨੰਬਰ-100 ਅੱਜ ਤੋਂ ਬੰਦ ਕਰ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਫਰਖਪੁਰ ਨਿਵਾਸੀਆਂ ਨੇ ਹੰਗਾਮਾ ਕੀਤਾ ਅਤੇ ਪੈਦਲ ਆਊਣ ਜਾਣ ਦਾ ਰਸਤਾ ਦੇਣ ਦੀ ਮੰਗ ਕੀਤੀ। ਹੰਗਾਮਾ ਵੱਧਦਿਆਂ ਵੇਖ ਕੇ ਅੰਬਾਲਾ ਡਿਵੀਜ਼ਨ ਦੇ ਏਡੀਐੱਮ ਆਦਿਤਿਆ ਸਿੰਘ, ਆਰਪੀਐੱਫ ਸਟਾਫ ਅਤੇ ਹੋਰ ਸਟਾਫ ਦੇ ਮੈਂਬਰਾਂ ਤੋਂ ਇਲਾਵਾ ਮੇਅਰ ਮਦਨ ਚੌਹਾਨ, ਸਾਬਕਾ ਮੰਤਰੀ ਕਰਣਦੇਵ ਕੰਬੋਜ, ਵਿਧਾਇਕ ਬਿਸ਼ਨ ਲਾਲ ਸੈਣੀ ਰੇਲਵੇ ਸਟੇਸ਼ਨ ’ਤੇ ਪਹੁੰਚ ਗਏ ਅਤੇ ਲੋਕਾਂ ਨੂੰ ਸ਼ਾਂਤ ਕੀਤਾ। ਮੇਅਰ ਮਦਨ ਚੌਹਾਨ ਨੇ ਦੱਸਿਆ ਕਿ ਡੇਡੀਕੇਟਿਡ ਫ੍ਰੇਟ ਕੋਰੀਡੋਰ ਬਣਾਏ ਜਾਣ ਕਰਕੇ ਇਹ ਰੇਲਵੇ ਫਾਰਕ ਬੰਦ ਕੀਤਾ ਜਾ ਰਿਹਾ ਹੈ ਅਸੀਂ ਰੇਲਵੇ ਪ੍ਰਸ਼ਾਸਨ ਤੋਂ ਫੁੱਟ ਓਵਰਬ੍ਰਿੱਜ ਬਣਾਉਣ ਦੀ ਮੰਗ ਕੀਤੀ ਹੈ। ਰੇਲਵੇ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਜੇਕਰ ਹਰਿਆਣਾ ਸਰਕਾਰ ਰੇਲਵੇ ਨੂੰ ਪੈਸਾ ਦੇਵੇਗੀ ਤਾਂ ਰੇਲਵੇ ਵੱਲੋਂ ਇੱਥੇ ਫੁੱਟ ਰੇਲਵੇ ਬ੍ਰਿੱਜ ਬਣਵਾ ਦਿੱਤਾ ਜਾਵੇਗਾ। ਲੋਕਾਂ ਦਾ ਕਹਿਣਾ ਸੀ ਕਿ ਰੇਲਵੇ ਵੱਲੋਂ ਜਿਹੜਾ ਅੰਡਰ ਪਾਸ ਬਣਵਾਇਆ ਗਿਆ ਹੈ ਉੱਥੇ ਹਮੇਸ਼ਾ ਹਨੇਰਾ ਰਹਿੰਦਾ ਹੈ ਅਤੇ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।