ਭੁਪਾਲ, 7 ਅਗਸਤ
ਕਾਂਗਰਸ ’ਤੇ ਅਸਿੱਧਾ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਗੀਤਾਂ ਵਾਂਗ ਰੋੋਜ਼ਾਨਾ ਸੈਂਕੜੇ ਵਾਰ ‘ਗਰੀਬ’ ਸ਼ਬਦ ਨੂੰ ਗੁਣਗੁਣਾ ਕੇ ਪਾਖੰਡ ਕਰਦੀਆਂ ਰਹੀਆਂ ਪਰ ਉਨ੍ਹਾਂ ਦੀ ਭਲਾਈ ਲਈ ਕੋਈ ਕੰਮ ਨਹੀਂ ਕੀਤਾ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਮੱਧ ਪ੍ਰਦੇਸ਼ ਦੇ ਲਾਭਪਾਤਰੀਆਂ ਨਾਲ ਵੀਡੀਓ ਰਾਹੀਂ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਪ੍ਰਬੰਧ ’ਚ ਖਾਮੀ ਸੀ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨੇ ਕੰਮਕਾਜ ’ਚ ਬਦਲਾਅ ਲਿਆਂਦਾ ਅਤੇ ਯੋਜਨਾਵਾਂ ਲਾਭਪਾਤਰੀਆਂ ਕੋਲ ਪਹੁੰਚ ਰਹੀਆਂ ਹਨ। ਸ੍ਰੀ ਮੋਦੀ ਨੇ ਕਿਹਾ ਕਿ ਰੁਜ਼ਗਾਰ ਦੇ ਮੋਰਚੇ ’ਤੇ ਆ ਰਹੀਆਂ ਸਮੱਸਿਆਵਾਂ ਨੂੰ ਘਟਾਉਣ ਲਈ ਵੀ ਕੰਮ ਚੱਲ ਰਿਹਾ ਹੈ। ਪਿਛਲੀਆਂ ਸਰਕਾਰਾਂ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਉਹ ਗਰੀਬਾਂ ਬਾਰੇ ਸਵਾਲ ਪੁੱਛਦੇ ਸਨ ਅਤੇ ਖੁਦ ਹੀ ਜਵਾਬ ਦੇ ਦਿੰਦੇ ਸਨ। ‘ਪਿਛਲੀਆਂ ਸਰਕਾਰਾਂ ਗਰੀਬਾਂ ਅਤੇ ਪਿੰਡ ਵਾਸੀਆਂ ਨੂੰ ਸੜਕਾਂ, ਬਿਜਲੀ, ਹਾਊਸਿੰਗ, ਈਂਧਣ, ਬੈਕਿੰਗ ਆਦਿ ਸਮੇਤ ਬੁਨਿਆਦੀ ਸਹੂਲਤਾਂ ਨਹੀਂ ਦੇ ਸਕੀਆਂ। ਉਹ ਝੂਠੀ ਹਮਦਰਦੀ ਜਤਾਉਂਦੀਆਂ ਰਹੀਆਂ ਹਨ।’ ਆਪਣੀ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ 80 ਕਰੋੜ ਭਾਰਤੀਆਂ ਨੂੰ ਮੁਫ਼ਤ ’ਚ ਰਾਸ਼ਨ ਦਿੱਤਾ ਗਿਆ। ਕਰੋਨਾ ਮਹਮਾਰੀ ਨੂੰ ਪਿਛਲੇ 100 ਸਾਲਾਂ ਦੀ ਸਭ ਤੋਂ ਵੱਡੀ ਆਫ਼ਤ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਾਸਕ ਪਾ ਕੇ ਰੱਖਣੇ ਚਾਹੀਦੇ ਹਨ ਅਤੇ ਉਹ ਸਮਾਜਿਕ ਦੂਰੀ ਦਾ ਪਾਲਣ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਮਹਾਮਾਰੀ ਨਾਲ ਸਿੱਝਣ ਲਈ ਸਾਰੇ ਪ੍ਰਬੰਧ ਕਰਦਿਆਂ ‘ਮੇਡ ਇਨ ਇੰਡੀਆ’ ਨੂੰ ਪਹਿਲ ਦਿੱਤੀ ਗਈ। ਉਨ੍ਹਾਂ ਕਿਹਾ ਕਿ ਦੇਸ਼ ਨੇ ਕੱਲ ਵੈਕਸੀਨ ਦੀਆਂ 50 ਕਰੋੜ ਖੁਰਾਕਾਂ ਦੇ ਅਹਿਮ ਟੀਚੇ ਨੂੰ ਪਾਰ ਕਰ ਲਿਆ ਹੈ। ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਸਰਕਾਰ ਦੀਆਂ ਭਲਾਈ ਯੋਜਨਾਵਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸੂਬੇ ਅਤੇ ਕੇਂਦਰ ’ਚ ਭਾਜਪਾ ਸਰਕਾਰ ਹੋਣ ਦਾ ਲਾਹਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਟੋਕੀਓ ਓਲੰਪਿਕਸ ’ਚ ਹਿੱਸਾ ਲੈ ਰਹੇ ਭਾਰਤੀਆਂ ’ਚ ਕਈ ਖਿਡਾਰੀ ਗਰੀਬ ਘਰਾਂ ਤੋਂ ਹਨ ਪਰ ਉਹ ਜ਼ਬਰਦਸਤ ਪ੍ਰਦਰਸ਼ਨ ਕਰ ਰਹੇ ਹਨ। -ਪੀਟੀਆਈ