ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜੂਨ
ਦੱਖਣੀ ਦਿੱਲੀ ਵਿੱਚ ਇੱਕ ਕਿਡਨੀ ਰੈਕੇਟ ਗਰੁੱਪ ਦਾ ਪਰਦਾਫਾਸ਼ ਕਰਕੇ ਇਸ ਸਬੰਧ ’ਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ਦੀ ਸੂਚਨਾ ਥਾਣਾ ਹੌਜ਼ ਖਾਸ ਨੂੰ ਦਿੱਤੀ ਗਈ ਸੀ। ਪੁਲੀਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਇਕ ਡਾਕਟਰ ਹੈ, ਜਦਕਿ ਬਾਕੀ ਟੈਕਨੀਸ਼ੀਅਨ ਤੇ ਸਹਾਇਕ ਹਨ। ਸੋਨੀਪਤ ਵਿੱਚ ਇੱਕ ਅਪਰੇਸ਼ਨ ਥੀਏਟਰ ਬਣਾਇਆ ਗਿਆ ਸੀ ਜਿੱਥੇ ਮਰੀਜ਼ਾਂ ਦੇ ਆਪਰੇਸ਼ਨ ਕੀਤੇ ਜਾਂਦੇ ਸਨ। ਪੁਲੀਸ ਨੇ ਕਿਹਾ ਕਿ ਹਿਰਾਸਤ ਵਿੱਚ ਲਏ ਗਏ ਡਾਕਟਰ ਨੇ ਪੁੱਛ ਪੜਤਾਲ ਦੌਰਾਨ ਇੱਕ ਪ੍ਰਕਿਰਿਆ ਲਈ ਇੱਕ ਮਰੀਜ਼ ਤੋਂ ਲੱਖਾਂ ਰੁਪਏ ਵਸੂਲਣ ਦੀ ਗੱਲ ਕਬੂਲੀ ਹੈ। ਛੇ ਮਹੀਨਿਆਂ ਦੇ ਦੌਰਾਨ ਲਗਭਗ 14 ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਜਾਂਚ ਅੱਗੇ ਵਧਣ ਦੌਰਾਨ ਇਹ ਅੰਕੜਾ ਹੋਰ ਵਧ ਸਕਦਾ ਹੈ। ਪੁਲੀਸ ਵੱਲੋਂ ਇਸ ਸਬੰਧ ਵਿੱਚ ਹੋਰ ਗ੍ਰਿਫ਼ਤਾਰੀਆਂ ਕੀਤੇ ਜਾਣ ਦੀ ਵੀ ਸੰਭਾਵਨਾ ਹੈ।