ਵੰਡ ਪਾਊ ਸਿਆਸਤ ਅਤੇ ਸਿਆਸੀ ਸਰਪ੍ਰਸਤੀ
ਡਾ. ਅਰੁਣ ਮਿਤਰਾ ਨੇ 18 ਅਕਤੂਬਰ ਦੇ ਅੰਕ ਵਿਚ ਆਪਣੀ ਅਤੇ ਡਾਕਟਰੀ ਭਾਈਚਾਰੇ ਦੀ ਮਾਨਵਪ੍ਰਸਤ ਹੋਣ ਦੀ ਦਲੀਲ ਇਤਿਹਾਸਕ ਹਵਾਲਿਆਂ ਨਾਲ ਪੇਸ਼ ਕੀਤੀ ਹੈ। ਜੇਕਰ ਅਸੀਂ ਗੰਭੀਰਤਾ ਨਾਲ ਵੀ ਵਿਚਾਰੀਏ ਤਾਂ ਆਮ ਤੌਰ ’ਤੇ ਸਾਰੇ ਧਰਮ ‘ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ।।’ ਦੀ ਬੁਨਿਆਦ ’ਤੇ ਖੜ੍ਹੇ ਹਨ। ਭੋਲੇ ਭਾਲੇ ਲੋਕਾਂ ਵਿਚ ਵੰਡੀਆਂ ਪਾ ਕੇ ਆਪਣਾ ਸੁਆਰਥ ਪੂਰਾ ਕਰਨ ਵਾਲਿਆਂ ਦਾ ਮਾਨਵ ਪੱਖੀ ਵਿਚਾਰਧਾਰਾ ਨਾਲ ਟਕਰਾਓ ਅਸੀਂ ਰੋਜ਼ ਦੇਖਦੇ, ਪੜ੍ਹਦੇ ਸੁਣਦੇ ਹਾਂ। ਇਸ ਦਾ ਅਮਲੀ ਰੂਪ ਇਕ ਸਾਲ ਚੱਲੇ ਕਿਸਾਨ ਮੋਰਚੇ ਨੇ ਦਿੱਲੀ ਦੀਆਂ ਦਹਿਲੀਜ਼ਾਂ ’ਤੇ ਰੂਪਮਾਨ ਕੀਤਾ। ਇਕ ਧਿਰ ਵੱਲੋਂ ਜਾਤ, ਨਸਲ, ਕਿੱਤਾ, ਇਲਾਕਾ, ਸਿਆਸੀ ਸੋਚ ਇਕ ਪਾਸੇ ਰੱਖ ਕੇ ਸੰਘਰਸ਼ ਲੜਿਆ ਜਾ ਰਿਹਾ ਸੀ; ਦੂਜੇ ਪਾਸੇ ਇਨ੍ਹਾਂ ਬੁਨਿਆਦਾਂ ’ਤੇ ਵੰਡੀਆਂ ਪਾ ਕੇ ਇਸ ਨੂੰ ਖਤਮ ਕਰਨ ਦੀਆਂ ਨਫ਼ਰਤੀ ਤਜਵੀਜ਼ਾਂ ਵਿਚਾਰੀਆਂ ਜਾ ਰਹੀਆਂ ਸਨ। ਆਖ਼ਿਰਕਾਰ ਮਾਨਵ ਪੱਖੀ ਸੋਚ ਪ੍ਰਵਾਨ ਚੜ੍ਹੀ। ਵੰਡੀਆਂ ਪਾ ਕੇ ਨਫ਼ਰਤ ਫੈਲਾਉਣ ਵਾਲੀ ਸੋਚ ਮੁਕੰਮਲ ਤੌਰ ’ਤੇ ਖਤਮ ਹੋ ਜਾਵੇ, ਇਹ ਸੰਭਵ ਨਹੀਂ ਜਾਪਦਾ ਪਰ ਇਸ ਸੋਚ ਨੂੰ ਰਾਜਸੀ ਸਰਪ੍ਰਸਤੀ ਨਾ ਮਿਲੇ, ਇਸ ਮਾਮਲੇ ਵਿਚ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ।
ਅਮਰਜੀਤ ਸਿੰਘ, ਸਿਹੌੜਾ (ਲੁਧਿਆਣਾ)
ਝੱਖੜਾਂ ਦੇ ਝੰਬੇ ਜੀਅ
ਨਜ਼ਰੀਆ ਪੰਨੇ ’ਤੇ ਅਮਰਿੰਦਰ ਸਿੰਘ ਮਾਨ ਦੀ ਰਚਨਾ ‘ਧਰਤੀ ਦਾ ਭਾਰ’ (21 ਅਕਤੂਬਰ) ਵਿਚ ਦਫ਼ਤਰਾਂ ਵਿਚ ਬਜ਼ੁਰਗਾਂ ਦੀ ਖੱਜਲ-ਖੁਆਰੀ ਅਤੇ ਨਸ਼ਿਆਂ ਦੀ ਆਦਤ ਕਾਰਨ ਪਰਿਵਾਰ ਅਤੇ ਭਵਿੱਖ ਤਬਾਹ ਹੋਣ ਬਾਬਤ ਚਿੰਤਾ ਪ੍ਰਗਟ ਕੀਤੀ ਗਈ ਹੈ। ਝੱਖੜਾਂ ਦੇ ਝੰਬੇ ਰੁੱਖਾਂ ਵਰਗੇ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਦਾ ਹੀ ਨਿਗੂਣਾ ਜਿਹਾ ਸਹਾਰਾ ਹੁੰਦਾ ਹੈ ਜਿਸ ਲਈ ਉਸ ਨੂੰ ਬੈਂਕ ਕਰਮਚਾਰੀਆਂ ਦੇ ਹਾੜ੍ਹੇ ਕੱਢਣੇ ਪੈਂਦੇ ਹਨ।
ਤਰਸੇਮ ਸਹਿਗਲ, ਪਿੰਡ ਮਹੈਣ (ਰੂਪਨਗਰ)
(2)
21 ਅਕਤੂਬਰ ਨੂੰ ਛਪੀ ਰਚਨਾ ‘ਧਰਤੀ ਦਾ ਭਾਰ’ (ਅਮਰਿੰਦਰ ਸਿੰਘ ਮਾਨ) ਬਹੁਤ ਪਿਆਰੀ ਲੱਗੀ। ਖ਼ੁਦ ਇਕ ਸਰਕਾਰੀ ਨੌਕਰ ਹੋਣ ਕਰਕੇ ਅਜਿਹੀਆਂ ਬਹੁਤ ਘਟਨਾਵਾਂ ਦੇਖਣ ਨੂੰ ਮਿਲਦੀਆਂ। ਚਾਹ ਕੇ ਵੀ ਹਰ ਵਾਰ ਲੋਕਾਂ ਦੀ ਮਦਦ ਨਾ ਕਰ ਸਕਣਾ ਦੁਖਦਾਈ ਹੈ। ਹਰ ਘਟਨਾ ਮਨ ’ਤੇ ਗੂੜ੍ਹੀ ਛਾਪ ਜ਼ਰੂਰ ਛੱਡ ਜਾਂਦੀ ਹੈ।
ਗੁਰਪ੍ਰੀਤ ਸਿੰਘ, ਬਠਿੰਡਾ
ਕਿਸਾਨੀ ਸੰਕਟ
21 ਅਕਤੂਬਰ ਨੂੰ ਕਰਮ ਬਰਸਟ ਦਾ ਲੇਖ ‘ਛੋਟੀ ਕਿਸਾਨੀ ਦਾ ਸੰਕਟ ਅਤੇ ਨੀਤੀਘਾੜੇ’ ਮਿੱਟੀ ਫਰੋਲਣ ਵਾਲਾ ਹੈ। ਸੱਚਮੁੱਚ ਕਿਸਾਨੀ ਸੰਕਟ ਦੀ ਅਸਲ ਸਮੱਸਿਆ ਸਾਡੇ ਨੀਤੀਘਾੜਿਆਂ ਦੀ ਨੁਕਸਦਾਰ ਪਹੁੰਚ ਹੈ। ਉਨ੍ਹਾਂ ਦਾ ਇਹ ਸੁਝਾਅ ਵੀ ਸਾਰਥਿਕ ਹੈ ਕਿ ਹੁਣ ਸਿਆਸੀ ਚੇਤਨਾ ਅਤੇ ਵਿਸ਼ਾਲ ਆਧਾਰ ਵਾਲੀ ਜਥੇਬੰਦੀ ਹੀ ਕਿਸਾਨੀ ਦਾ ਬੇੜਾ ਪਾਰ ਲਾ ਸਕਦੀ ਹੈ। ਜੇ ਸਰਕਾਰਾਂ ਨੇ ਕੁਝ ਕਰਨਾ ਹੁੰਦਾ ਤਾਂ ਹੁਣ ਤਕ ਘੱਟੋ-ਘੱਟ ਕੋਈ ਕਾਰਗਰ ਨੀਤੀ ਬਣਾ ਲਈ ਹੁੰਦੀ।
ਕਸ਼ਮੀਰ ਸਿੰਘ, ਫਰੀਦਕੋਟ
ਜੰਗ ਨਾਲ ਤਬਾਹੀ
20 ਅਕਤੂਬਰ ਨੂੰ ਐੱਮਕੇ ਭੱਦਰਕੁਮਾਰ ਦੇ ਲੇਖ ‘ਯੂਕਰੇਨ ਜੰਗ ਜਿੱਤਣ ਵੱਲ ਵਧਿਆ ਰੂਸ’ ਵਿਚ ਅਮਰੀਕਾ ਦੀ ਕਰੂਰਤਾ ਬਾਰੇ ਚਰਚਾ ਹੈ। ਇਸ ਜੰਗ ਨਾਲ ਯੂਕਰੇਨ ਵਿਚ ਤਾਂ ਤਬਾਹੀ ਹੋਈ ਹੀ ਹੈ, ਸੰਸਾਰ ਦੇ ਵੱਖ ਵੱਖ ਮੁਲਕਾਂ ਉੱਤੇ ਵੀ ਵੱਖ ਵੱਖ ਪੱਖਾਂ ਤੋਂ ਇਸ ਜੰਗ ਦਾ ਅਸਰ ਪਿਆ ਹੈ। ਇਹ ਜੰਗ ਹੁਣ ਮੁੱਕਣੀ ਚਾਹੀਦੀ ਹੈ।
ਬੇਅੰਤ ਕੌਰ, ਪਟਿਆਲਾ
ਹੌਸਲਾ-ਅਫ਼ਜ਼ਾਈ
ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ ਦਾ ਮਿਡਲ ‘ਇਕ ਮੰਜ਼ਰ ਇਹ ਵੀ’ (20 ਅਕਤੂਬਰ) ਪੜ੍ਹ ਕੇ ਪਤਾ ਲੱਗਦਾ ਹੈ ਕਿ ਕਿਵੇਂ ਨਕਲ ਦਾ ਰੋਗ ਸਾਡੇ ਵਿਦਿਆਰਥੀਆਂ ਦੇ ਭਵਿੱਖ ਨੂੰ ਕੈਂਸਰ ਵਾਂਗ ਖਾ ਰਿਹਾ ਹੈ। ਅਸਰ-ਰਸੂਖ਼ ਵਾਲੇ ਲੋਕ ਆਪਣੇ ਕਾਕਿਆਂ ਨੂੰ ਨਕਲ ਕਰਵਾ ਕੇ ਪਾਸ ਕਰਵਾਉਣ ਵਿਚ ਆਪਣੀ ਸ਼ਾਨ ਸਮਝਦੇ ਹਨ। ਨਕਲ ਰੋਕਣ ਅਤੇ ਅਜਿਹੀਆਂ ਹੋਰ ਸਮਾਜਿਕ ਬੁਰਾਈਆਂ ਖ਼ਿਲਾਫ਼ ਜੂਝਾਣ ਵਾਲਿਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਜਾਣੀ ਚਾਹੀਦੀ ਹੈ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਆਰਥਿਕ ਮੰਦੀ
13 ਅਕਤੂਬਰ ਨੂੰ ਟੀਐੱਨ ਨੈਨਾਨ ਦਾ ਲੇਖ ‘ਆਰਥਿਕ ਮੰਦੀ ਦੇ ਲੱਛਣ ਨਜ਼ਰ ਆਉਣ ਲੱਗੇ’ ਪੜ੍ਹਿਆ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਤੇ ਮੌਜੂਦਾ ਪ੍ਰਧਾਨ ਮੰਤਰੀ ਆਖ਼ਿਰ ਕਦੋਂ ਤਕ ਲੋਕਾਂ ਤੋਂ ਅੰਕੜੇ ਲੁਕੋ ਕੋ ਉਨ੍ਹਾਂ ਦੀਆਂ ਅੱਖਾਂ ਵਿਚ ਘੱਟਾ ਪਾਉਂਦੇ ਰਹਿਣਗੇ। ਮੁਲਕ ਹਰ ਪੱਖ ਤੋਂ ਨਿਘਾਰ ਵੱਲ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਵਿਸ਼ਵ ਗੁਰੂ ਦੇ ਦਾਅਵੇ ਕਰਨ ਤੋਂ ਹਟਦੀ ਨਹੀਂ। ਆਰਥਿਕ ਮੰਦੀ ਨੇ ਆਮ ਲੋਕਾਂ ਦਾ ਜੀਣਾ ਹੋਰ ਮੁਸ਼ਕਿਲ ਬਣਾ ਦੇਣਾ ਹੈ।
ਨਵਨੀਤ ਕੌਰ ਚਹਿਲ, ਮਾਨਸਾ
ਖੋਖਲੇ ਬਿਆਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਦੌਰੇ ਮੌਕੇ ਸਿਆਸੀ ਪਾਰਟੀਆਂ ਉੱਤੇ ਦੋਸ਼ ਲਾਇਆ ਕਿ ਇਹ ਦਹਿਸ਼ਤਗਰਦੀ ਲਈ ਜ਼ਿੰਮੇਵਾਰ ਹਨ। ਜਦੋਂ ਤੋਂ ਧਾਰਾ 370 ਖਤਮ ਕੀਤੀ ਹੈ; ਕਸ਼ਮੀਰੀ ਪੰਡਤਾਂ, ਪੁਲੀਸ ਮੁਲਾਜ਼ਮਾਂ, ਸਿਆਸੀ ਕਾਰਕੁਨਾਂ ਅਤੇ ਪਰਵਾਸੀ ਮਜ਼ਦੂਰਾਂ ਦੇ ਕਤਲ ਲਗਾਤਾਰ ਹੋ ਰਹੇ ਹਨ। ਸਰਕਾਰ ਵਾਦੀ ਵਿਚ ਦਹਿਸ਼ਤਗਰਦੀ ਨੂੰ ਨੱਥ ਪਾਉਣ ਵਿਚ ਅਸਫ਼ਲ ਰਹੀ ਹੈ। ਕੇਂਦਰ ਸਰਕਾਰ ਇਉਂ ਖੋਖਲੇ ਬਿਆਨਾਂ ਰਾਹੀਂ ਖੇਤਰੀ ਲੀਡਰਾਂ ਨੂੰ ਬਦਨਾਮ ਨਹੀਂ ਕਰ ਸਕਦੀ।
ਐੱਸਕੇ ਖੋਸਲਾ, ਚੰਡੀਗੜ੍ਹ