ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਦਸੰਬਰ
ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਦੁਆਰਾ ‘ਗੁਰੂ ਨਾਨਕ ਦੇ ਬਹੁਸਭਿਆਚਾਰਕ ਸਮਾਜ ਅਤੇ ਸ਼ਾਂਤਮਈ ਸਹਿਹੋਦ ਦੇ ਸੰਕਲਪ’ ਵਿਸ਼ੇ ਉਪਰ ਲਿਖੀ ਪੁਸਤਕ ਅੱਜ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵੱਲੋਂ ਪੰਜਾਬ ਰਾਜ ਭਵਨ ਵਿੱਚ ਲੋਕ ਅਰਪਣ ਕੀਤੀ ਗਈ। ਇਸ ਮੌਕੇ ਸ੍ਰੀ ਪੁਰੋਹਿਤ ਨੇ ਕਿਹਾ ਕਿ ਡਾ. ਭੱਲਾ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਦੇ ਸਮਾਜਿਕ, ਸੱਭਿਆਚਾਰਕ, ਧਾਰਮਿਕ ਅਤੇ ਰਾਜਨੀਤਿਕ ਪਹਿਲੂਆਂ ਉਪਰ ਨਿਰੰਤਰ ਖੋਜ ਕਰ ਰਹੇ ਹਨ। ਉਨ੍ਹਾਂ ਦੀ ਇਹ ਪੁਸਤਕ ਨਿਸ਼ਚਿਤ ਰੂਪ ਵਿਚ ਅਜੋਕੇ ਸਮੇਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਜਾਤ, ਧਰਮ, ਰੰਗ, ਰੂਪ, ਭਾਸ਼ਾ, ਖਿੱਤੇ ਆਦਿ ਦੇ ਆਧਾਰ ਉਤੇ ਕੀਤੇ ਜਾਂਦੇ ਭੇਦਭਾਵਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਸਦੀਵੀਂ ਹੱਲ ਕੱਢਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਰਸਾਏ ਗਏ ਮਾਰਗ ਉਪਰ ਚੱਲਣ ਲਈ ਸਾਨੂੰ ਸਭ ਨੂੰ ਪ੍ਰੇਰਿਤ ਕਰੇਗੀ। ਡਾ. ਭੱਲਾ ਨੇ ਡਾ. ਐੱਚਐੱਸ ਬੇਦੀ, ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼, ਡਾ. ਐੱਸਪੀ ਸਿੰਘ ਅਤੇ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।