ਨਵੀਂ ਦਿੱਲੀ, 21 ਅਕਤੂਬਰ
ਦਿੱਲੀ ਸਥਿਤ ਏਮਸ ਨੇ ਸੰਸਦ ਮੈਂਬਰਾਂ ਲਈ ਵਿਸ਼ੇਸ਼ ਇਲਾਜ ਸਹੂਲਤਾਂ ਯਕੀਨੀ ਬਣਾਉਣ ਸਬੰਧੀ ਜਾਰੀ ਪੱਤਰ ਡਾਕਟਰਾਂ ਦੇ ਇੱਕ ਹਿੱਸੇ ਵੱਲੋਂ ਆਲੋਚਨਾ ਕੀਤੇ ਜਾਣ ਤੋਂ ਬਾਅਦ ਅੱਜ ਵਾਪਸ ਲੈ ਲਿਆ ਹੈ। ਏਮਸ ਦੇ ਡਾਇਰੈਕਟਰ ਐੱਮ. ਸ੍ਰੀਨਿਵਾਸ ਨੇ ਲੋਕ ਸਭਾ ਸਕੱਤਰੇਤ ਦੇ ਜੁਆਇੰਟ ਸਕੱਤਰ ਵਾਈ.ਐੱਮ ਕੰਡਪਾਲ ਨੂੰ ਹਾਲ ਹੀ ਵਿੱਚ ਲਿਖੇ ਪੱਤਰ ਵਿੱਚ ਓਪੀਡੀ, ਐਮਰਜੈਂਸੀ ਸੇਵਾਵਾਂ ਅਤੇ ਲੋਕ ਸਭਾ ਜਾਂ ਰਾਜ ਸਭਾ ਦੋਵਾਂ ਦੇ ਮੌਜੂਦਾ ਸੰਸਦ ਮੈਂਬਰਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਲਈ ਜਾਰੀ ਐੱਸਓਪੀ ਦੀ ਜਾਣਕਾਰੀ ਦਿੱਤੀ ਸੀ। ਸ੍ਰੀਨਿਵਾਸ ਨੇ ਆਪਣੇ ਪੱਤਰ ਵਿੱਚ ਕਿਹਾ ਸੀ ਕਿ ਹਸਪਤਾਲ ਪ੍ਰਸ਼ਾਸਨ ਵਿਭਾਗ ਦੇ ਡਿਊਟੀ ਅਧਿਕਾਰੀ ਏਮਸ ਦੇ ਕੰਟਰੋਲ ਰੂਮ ਵਿੱਚ 24 ਘੰਟੇ ਮੌਜੂਦ ਰਹਿਣਗੇ ਤਾਂ ਕਿ ਪ੍ਰਬੰਧਾਂ ਦਾ ਤਾਲਮੇਲ ਸੁਚਾਰੂ ਬਣਾਇਆ ਜਾ ਸਕੇ। ਅੱਜ ਹਸਪਤਾਲ ਪ੍ਰਸ਼ਾਸਨ ਨੇ ਪੱਤਰ ਵਾਪਸ ਲੈ ਲਿਆ ਹੈ।