ਯਾਂਕਟਨ (ਅਮਰੀਕਾ): ਭਾਰਤੀ ਤੀਰਅੰਦਾਜ਼ ਜੋਤੀ ਸੁਰੇਖਾ ਵੈਨਮ ਨੇ ਇੱਥੇ ਤੀਰਅੰਦਾਰਜ਼ੀ ਵਿਸ਼ਵ ਦੇ ਕੰਪਾਊਂਡ ਮਹਿਲਾ ਵਿਅਕਤੀਗਤ ਵਰਗ ’ਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ। ਜੋਤੀ ਨੂੰ ਫਾਈਨਲ ’ਚ ਕੋਲੰਬੀਆ ਦੀ ਸਾਰਾ ਲੋਪੇਜ਼ ਹੱਥੋਂ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਪੰਜ ਵਾਰ ਦੀ ਵਿਸ਼ਵ ਚੈਂਪੀਅਨ ਸਾਰਾ ਲੋਪੇਜ਼ ਨੇ ਭਾਰਤੀ ਤੀਰਅੰਦਾਜ਼ ਜੋਤੀ ਨੂੰ 146-144 ਨਾਲ ਮਾਤ ਦਿੱਤੀ। ਵਿਸ਼ਵ ਚੈਂਪੀਅਨਸ਼ਿਪ ’ਚ ਭਾਰਤ ਦਾ ਇਹ ਤੀਜਾ ਤਗ਼ਮਾ ਹੈ। ਦੂਜੇ ਪਾਸੇ ਭਾਰਤੀ ਤੀਰਅੰਦਾਜ਼ ਅਭਿਸ਼ੇਕ ਵਰਮਾ ਪੁਰਸ਼ਾਂ ਦੇ ਵਿਅਕਤੀਗਤ ਕੰਪਾਊਂਡ ਵਰਗ ਦੇ ਕੁਆਰਟਰ ਫਾਈਨਲ ’ਚ ਨੈਦਰਲੈਂਡਜ਼ ਦੇ ਮਾਈਕ ਸਕਲੋਸੇਰ ਤੋਂ 147-148 ਅੰਕਾਂ ਦੇ ਮਾਮੂਲੀ ਫਰਕ ਨਾਲ ਹਾਰ ਕੇ ਤਗ਼ਮੇ ਦੀ ਦੌੜ ਵਿੱਚੋਂ ਬਾਹਰ ਹੋ ਗਿਆ। ਰੀਕਰਵ ਵਰਗ ’ਚ ਭਾਰਤ ਵੱਲੋਂ ਹੁਣ ਸਿਰਫ ਅੰਕਿਤਾ ਭਕਤ ਹੀ ਬਾਕੀ ਰਹਿ ਗਈ ਹੈ, ਜਿਸ ਨੇ ਕੁਆਰਟਰ ਫਾਈਨਲ ’ਚ ਚੁਣੌਤੀ ਪੇਸ਼ ਕਰਨੀ ਹੈ। -ਪੀਟੀਆਈ