ਢਾਂਚਾ ਬਦਲਿਆ
14 ਸਤੰਬਰ ਦੇ ਸੰਪਾਦਕੀ ‘ਸਿਆਸੀ ਏਜੰਡਾ’ ਵਿਚ ਇਕ ਗੱਲ ਸਾਫ਼ ਹੈ ਕਿ ਭਾਜਪਾ ਦਾ ਇਕੋ ਇਕ ਏਜੰਡਾ ਹਿੰਦੂ ਰਾਸ਼ਟਰ ਹੈ, ਹੋਰ ਕੁਝ ਨਹੀਂ। ਹਰ ਰੋਜ਼ ਭਾਜਪਾ ਦੇ ਲੀਡਰਾਂ ਦੀ ਬਿਆਨਬਾਜ਼ੀ ਦਾ ਮੁਲਕ ਦੀ ਸਿਆਸਤ ਨਾਲ ਕੋਈ ਸਰੋਕਾਰ ਨਹੀਂ ਲੱਗਦਾ। ਯੂਪੀ ਦੇ ਮੁੱਖ ਮੰਤਰੀ ਆਦਿਤਿਆ ਨਾਥ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਮੁਲਕ ਦਾ ਸਿਆਸੀ ਏਜੰਡਾ ਬਦਲ ਗਿਆ ਹੈ; ਮੇਰੇ ਖਿਆਲ ਵਿਚ ਏਜੰਡਾ ਤਾਂ ਕੀ, ਸਾਰਾ ਢਾਂਚਾ ਹੀ ਬਦਲ ਗਿਆ ਹੈ। ਜਦੋਂ ਤੋਂ ਉਨ੍ਹਾਂ ਨੇ ਗੱਦੀ ਸੰਭਾਲੀ ਹੈ, ਉਸ ਦਿਨ ਤੋਂ ਮੁਲਕ ਦੀ ਆਰਥਿਕਤਾ ਦਾ ਗਰਾਫ਼ ਥੱਲੇ ਆਉਣਾ ਸ਼ੁਰੂ ਹੋ ਗਿਆ। ਬਾਜ਼ਾਰ ਵਿਹਲੇ ਹੋਣ ਲੱਗੇ। ਨਿੱਕਾ ਵਪਾਰੀ ਖ਼ਤਮ ਹੋ ਗਿਆ। ਨੋਟਬੰਦੀ ਨੇ ਜਨਤਾ ਦਾ ਦੀਵਾਲਾ ਕੱਢ ਦਿੱਤਾ। ਜੀਐੱਸਟੀ ਨੇ ਆਰਥਿਕਤਾ ਨੂੰ ਢਾਹ ਲਾਈ ਹੈ ਤੇ ਜੀਡੀਪੀ ਦਰ ਨੇ ਪਤਾਲ ਵਿਚ ਡੇਰੇ ਲਾ ਲਏ ਹਨ। ਰਹਿੰਦੀ ਕਸਰ ਕਿਸਾਨ ਮਾਰੂ ਕਾਨੂੰਨਾਂ ਨੇ ਕੱਢ ਦਿੱਤੀ ਹੈ।
ਸੁਖਦੇਵ ਸਿੰਘ ਭੁੱਲੜ, ਬਠਿੰਡਾ
ਜੱਦੋਜਹਿਦ
25 ਸਤੰਬਰ ਨੂੰ ਨਜ਼ਰੀਆ ਪੰਨੇ ਉੱਤੇ ਅਵਤਾਰ ਲੰਗੇਰੀ ਦਾ ਮਿਡਲ ‘ਲੰਗੇਰੀ ਦੀਆਂ ਰਾਹਾਂ ਦੀ ਲੋਅ’ ਪੜ੍ਹਿਆ ਜੋ ਉੱਘੇ ਕਮਿਊਨਿਸਟ ਆਗੂ ਦਰਸ਼ਨ ਸਿੰਘ ਕੈਨੇਡੀਅਨ ਬਾਰੇ ਸੀ। ਕਾਮਰੇਡ ਕੈਨੇਡੀਅਨ ਨੇ ਉਮਰ ਭਰ ਲੋਕਾਂ ਲਈ ਜੱਦੋਜਹਿਦ ਕੀਤੀ, ਪਹਿਲਾਂ ਕੈਨੇਡਾ ਵਿਚ ਅਤੇ ਫਿਰ ਪੰਜਾਬ ਵਿਚ। ਸਿਤਮਜ਼ਰੀਫੀ ਦੇਖੋ ਕਿ ਫ਼ਿਰਕੂ ਜਨੂੰਨੀਆਂ ਨੇ ਉਸ ਦਾ ਕਤਲ ਕਰ ਦਿੱਤਾ।
ਕੁਲਬੀਰ ਸਿੰਘ ਚਾਹਲ, ਮਾਨਸਾ
ਬੇਵਸੀ ਦਾ ਆਲਮ
ਸ਼ਿਵੰਦਰ ਕੌਰ ਦਾ ਮਿਡਲ ‘ਅੰਮਾ ਵਾਲਾ ਘਰ’ (24 ਸਤੰਬਰ) ਧੂਹ ਪਾਉਣ ਵਾਲਾ ਹੈ। ਆਮ ਲੋਕ ਦਰੜਿਆ ਜਾ ਰਿਹਾ ਹੈ, ਸਿਆਸਤਦਾਨ ਅਤੇ ਇਨ੍ਹਾਂ ਦੇ ਨੇੜਲੇ ਮੌਜਾਂ ਕਰ ਰਹੇ ਹਨ, ਕੁਰਬਾਨੀਆਂ ਵਾਲੇ ਪਰਿਵਾਰ ਰੁਲ਼ ਰਹੇ ਹਨ। ਬੇਵਸੀ ਦਾ ਇਹ ਆਲਮ ਕਦੋਂ ਮੁੱਕਣਾ ਹੈ ?
ਜਗਦੀਸ਼ ਸੈਣੀ, ਮੁਹਾਲੀ
ਭਾਜਪਾ ਦੀ ਨਕਲ
23 ਸਤੰਬਰ ਨੂੰ ਨਜ਼ਰੀਆ ਪੰਨੇ ਉੱਤੇ ਸਬਾ ਨਕਵੀ ਦੇ ਲੇਖ ‘ਗ਼ੈਰ ਭਾਜਪਾ ਪਾਰਟੀਆਂ ਦੀ ਧਰਮ ਆਧਾਰਤ ਸਿਆਸਤ’ ਨੇ ਅਜੋਕੀ ਭਾਰਤੀ ਸਿਆਸਤ ਦਾ ਬਾਖ਼ੂਬੀ ਵਰਨਣ ਕੀਤਾ ਹੈ। ਲੇਖਕ ਨੇ ਠੀਕ ਹੀ ਕਿਹਾ ਕਿ ਬੀਜੇਪੀ ਦੇ ਹਿੰਦੂਤਵ ਦੀ ਨਕਲ ਮਾਰ ਕੇ ਆਪ, ਕਾਂਗਰਸ ਆਦਿ ਪਾਰਟੀਆਂ ਰਾਜਸੱਤਾ ’ਤੇ ਕਾਬਜ਼ ਹੋਣਾ ਚਾਹੁੰਦੀਆਂ ਹਨ। ਲੇਖ ਵਿਚ ਬਸਪਾ ਬਾਰੇ ਵੀ ਲਿਖਿਆ ਹੈ। ਇਹ ਸਾਰੇ ਧਰਮ ਆਧਾਰਤ ਸਿਆਸਤ ਦੀ ਬੇੜੀ ਵਿਚ ਸਵਾਰ ਹੋ ਕੇ ਰਾਜਗੱਦੀ ਹਾਸਲ ਕਰਨ ਲਈ ਤਰਲੋਮੱਛੀ ਹੋ ਰਹੇ ਹਨ।
ਸਾਗਰ ਸਿੰਘ ਸਾਗਰ, ਬਰਨਾਲਾ
(2)
ਸਬਾ ਨਕਵੀ ਦਾ ਲੇਖ ‘ਗ਼ੈਰ ਭਾਜਪਾ ਪਾਰਟੀਆਂ ਦੀ ਧਰਮ ਆਧਾਰਤ ਸਿਆਸਤ’ ਪੜ੍ਹਿਆ। ਲੇਖ ਦਾ ਹਾਸਲ ਸਹੀ ਹੈ ਕਿ ਗ਼ੈਰ ਭਾਜਪਾ ਪਾਰਟੀਆਂ ਵੀ ਇਹ ਕਬੂਲ ਕਰ ਗਈਆਂ ਹਨ ਕਿ ਧਰਮ ਦੀ ਬੇੜੀ ਹੀ ਚੋਣ ਸਾਗਰ ਪਾਰ ਕਰਵਾ ਸਕਦੀ ਹੈ। ਧਰਮ ਆਧਾਰਤ ਸਿਆਸਤ ਸਾਨੂੰ ਸੰਸਾਰ ਦੇ ਸਮੂਹ ਸਮਾਜਾਂ ਵਿਚ ਇਕੱਲਾ ਖੜ੍ਹਾ ਕਰ ਦੇਵੇਗੀ ਅਤੇ ਗ਼ੈਰ ਭਾਜਪਾ ਪਾਰਟੀਆਂ ਨੂੰ ਸਾਰਤਰ ਦਾ ਕਥਨ ਸਾਹਮਣੇ ਰੱਖਣਾ ਚਾਹੀਦਾ ਹੈ ਕਿ ‘ਇਕੱਲਾ ਆਦਮੀ (ਸਮਾਜ) ਕੋਹੜੀ ਵਾਂਗ ਹੁੰਦਾ ਹੈ’। ਇਉਂ ਤਾਂ ਅਸੀਂ ਕੋਹੜੀ ਵਾਂਗ ਹੋ ਜਾਵਾਂਗੇ। ਸਹੀ ਲਿਖਿਆ ਹੈ ਕਿ ਗ਼ੈਰ ਭਾਜਪਾ ਪਾਰਟੀਆਂ ਬੇਰੁਜ਼ਗਾਰੀ, ਮਹਿੰਗਾਈ, ਸਮਾਜਿਕ ਨਿਆਂ ਅਤੇ ਆਰਥਿਕ ਮੁੱਦੇ ਉਠਾ ਸਕਦੀਆਂ ਸਨ। ਪਰ ਮਸਲਾ ਇਹ ਹੈ ਕਿ ਇਸ ਪਾਸੇ ਸੰਜਦਿਗੀ ਨਾਲ ਸੋਚੇ ਕੌਣ?
ਜਗਰੂਪ ਸਿੰਘ, ਲੁਧਿਆਣਾ
(3)
ਸਬਾ ਨਕਵੀ ਦੀ ਰਚਨਾ ‘ਗ਼ੈਰ ਭਾਜਪਾ ਪਾਰਟੀਆਂ ਦੀ ਧਰਮ ਆਧਾਰਤ ਸਿਆਸਤ’ ਵਿਚ ਲੇਖਕ ਮੁਲਕ ਵਿਚ ਸਿਆਸੀ ਪਾਰਟੀਆਂ ਦੁਆਰਾ ਧਰਮ ਦੇ ਨਾਂ ਉੱਪਰ ਕੀਤੀ ਜਾਂਦੀ ਸਿਆਸਤ ਬਾਰੇ ਚਾਨਣਾ ਪਾਉਂਦਾ ਹੈ। ਇਸ ਤੋਂ ਪਹਿਲਾਂ 20 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਦਰਸ਼ਨ ਸਿੰਘ ਦਾ ਮਿਡਲ ‘ਜ਼ਮੀਰ ਦੀ ਆਵਾਜ਼’ ਸਾਡੀ ਬੀਤੀ ਜ਼ਿੰਦਗੀ ਦੇ ਸਮਿਆਂ ਵਿਚ ਵਾਪਰੀਆਂ ਘਟਨਾਵਾਂ ਦੀ ਬਾਤ ਪਾਉਂਦਾ ਹੈ। ਕਈ ਵਾਰ ਅਸੀਂ ਆਮ ਜਿਹੀ ਗੱਲ ਨੂੰ ਗ਼ੌਲਦੇ ਨਹੀਂ ਪਰ ਬਾਅਦ ਵਿਚ ਹੌਲੀ ਹੌਲੀ ਉਹ ਗੱਲ ਸਾਡੇ ’ਤੇ ਭਾਰੀ ਪੈਂਦੀ ਜਾਂਦੀ ਹੈ। ਫਿਰ ਬਾਅਦ ਵਿਚ ਸਾਨੂੰ ਪਛਤਾਵਾ ਵੀ ਹੁੰਦਾ ਹੈ।
ਯੋਗਰਾਜ, ਭਾਗੀਬਾਂਦਰ (ਬਠਿੰਡਾ)
ਸਿਹਤ ਦੀ ਮਹੱਤਤਾ
18 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ’ ਸਹੀ ਸਲਾਹ ਦਿੰਦਾ ਹੈ ਕਿ ਲੋੜ ਬਿਮਾਰੀ ਦੇ ਕਾਰਨਾਂ ਨੂੰ ਜਾਣਨ ਲਈ ਖੋਜ ਕਰਨ ਦੀ ਹੈ ਜਦਕਿ ਅਸੀਂ ਬਿਮਾਰੀ ਬਾਰੇ ਹੀ ਖੋਜ ਕਰਨ ਤਕ ਸੀਮਤ ਹਾਂ। ਇਸ ਤੋਂ ਵੀ ਵੱਧ ਬਿਮਾਰੀ ਨਾਲੋਂ ਜ਼ਿਆਦਾ ਸਿਹਤ ਨੂੰ ਮਹੱਤਤਾ ਦੇਣੀ ਹੋਵੇਗੀ। ਇਸੇ ਦਿਨ ਸਤਰੰਗ ਪੰਨੇ ਉੱਤੇ ਰੰਗਕਰਮੀ ਗੁਰਸ਼ਰਨ ਸਿੰਘ ਬਾਰੇ ਡਾ. ਸਾਹਿਬ ਸਿੰਘ ਦਾ ਲੇਖ ‘ਤੇਰਾ ਨਾਟਕ ਜ਼ਿੰਦਾ ਹੈ ਗੁਰਸ਼ਰਨ ਸਿੰਘ!’ ਦਿਲ ਨੂੰ ਛੂਹ ਗਿਆ। ਅਜਿਹੇ ਕਲਾਕਾਰ ਹਮੇਸ਼ਾ ਲੋਕ-ਮਨਾਂ ਵਿਚ ਜ਼ਿੰਦਾ ਰਹਿੰਦੇ ਹਨ। ਸੱਤਵੇਂ ਸਫ਼ੇ ਉੱਤੇ ਖੇਤੀ ਅਰਥਚਾਰੇ ਬਾਰੇ ਡਾ. ਦਰਸ਼ਨਪਾਲ ਦੇ ਲੇਖ ‘ਖੇਤੀ ਅਰਥਚਾਰੇ ਦੇ ਕੁਝ ਮਹੱਤਵਪੂਰਨ ਪੱਖ’ ਵਿਚ ਅਸਲੀ ਤਸਵੀਰ ਸਾਹਮਣੇ ਲਿਆਂਦੀ ਗਈ ਹੈ। ਲੋੜ ਜ਼ਮੀਨਾਂ ਦੀ ਸੰਭਾਲ ਕਰਕੇ ਉਸ ਤੋਂ ਵੱਧ ਤੋਂ ਵੱਧ ਲਾਭ ਲੈਣ ਦੀ ਹੋਣੀ ਚਾਹੀਦੀ ਹੈ ਜਦਕਿ ਸਰਕਾਰ ਤਾਂ ਕਿਸਾਨ ਦੀ ਮਾਂ ਨੂੰ ਹੀ ਵੇਚਣ ਤੇ ਖ਼ਰੀਦਣ ’ਤੇ ਤੁਲੀ ਹੋਈ ਹੈ। ਇਸੇ ਦਿਨ ਨਰਿੰਦਰ ਸਿੰਘ ਦਾ ਮਿਡਲ ‘ਭਾਸ਼ਾ ਦੇ ਭੁਲੇਖੇ’ ਵੀ ਚੰਗਾ ਲੱਗਾ। ਲੇਖਕ ਨੇ ਮਜ਼ਾਹੀਆ ਤਰੀਕੇ ਨਾਲ ਉਨ੍ਹਾਂ ਲੋਕਾਂ ’ਤੇ ਕਰਾਰੀ ਚੋਟ ਕੀਤੀ ਹੈ ਜੋ ਸਿਰਫ਼ ਦਿਖਾਵੇ ਅਤੇ ਫ਼ੋਕੀ ਸ਼ਾਨ ਲਈ ਹਿੰਦੀ ਬੋਲਦੇ ਹਨ।
ਡਾ. ਤਰਲੋਚਨ ਕੌਰ, ਪਟਿਆਲਾ