ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਫਰਵਰੀ
ਦਿੱਲੀ-ਗਾਜ਼ੀਆਬਾਦ ਮਾਰਗ ’ਤੇ ਗਾਜ਼ੀਪੁਰ ਹੱਦ ਉਪਰ ਕਿਸਾਨਾਂ ਦੇ ਵਾਹਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਦਿੱਲੀ ਪੁਲੀਸ ਵੱਲੋਂ ਲੋਹੇ ਦੀਆਂ ਪਲੇਟਾਂ ਵਿੱਚ ਵੈਲਡਿੰਗ ਕਰਕੇ ਲਾਈਆਂ ਗਈਆਂ ਤਿੱਖੀਆਂ ਕਿੱਲਾਂ ਨੂੰ ਹੁਣ ਹੋਰ ਥਾਂ ’ਤੇ ਗੱਡਿਆ ਗਿਆ ਹੈ। ਪੁਲੀਸ ਵੱਲੋਂ ਦਲੀਲ ਦਿੱਤੀ ਗਈ ਹੈ ਕਿ ਇਨ੍ਹਾਂ ਕਿੱਲਾਂ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਕਿੱਲਾਂ ਦੀ ਥਾਂ ਬਦਲੀ ਗਈ ਹੈ। ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ’ਚ ਦਿੱਲੀ ਪੁਲੀਸ ਗਾਜ਼ੀਪੁਰ ਬਾਰਡਰ ’ਤੇ ਕਿੱਲਾਂ ਪੁੱਟਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਬਾਰੇ ਕਿਹਾ ਜਾ ਰਿਹਾ ਸੀ ਕਿ ਪੁਲੀਸ ਨੇ ਕਿਸੇ ਦਬਾਅ ਹੇਠ ਇਹ ਕਦਮ ਉਠਾਇਆ ਹੈ। ਪੁਲੀਸ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਕਿੱਲਾਂ ਦੀ ਸਿਰਫ਼ ਥਾਂ ਹੀ ਬਦਲੀ ਗਈ ਹੈ। ਪੁਲੀਸ ਨੇ ਇਹ ਕਿੱਲਾਂ ਕਿਸਾਨਾਂ ਦੇ ਟਰੈਕਟਰਾਂ ਅਤੇ ਹੋਰ ਵਾਹਨਾਂ ਨੂੰ ਆਉਣ ਤੋਂ ਰੋਕਣ ਲਈ ਲਾਈਆਂ ਹਨ। ਟਿੱਕਰੀ ਅਤੇ ਸਿੰਘੂ ਬਾਰਡਰਾਂ ਉਪਰ ਵੀ ਦਿੱਲੀ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਟਿੱਕਰੀ ਦੇ ਮੋਰਚੇ ਦੀ ਸੜਕ ਉਪਰ ਸਭ ਤੋਂ ਪਹਿਲਾਂ ਕਿੱਲਾਂ ਜ਼ਮੀਨ ਵਿੱਚ ਦੱਬੀਆਂ ਗਈਆਂ। ਤਿੰਨਾਂ ਬਾਰਡਰਾਂ ਦੇ ਬੈਰੀਕੇਡਾਂ ਉਪਰ ਕੰਡਿਆਲੀਆਂ ਤਾਰਾਂ ਵੀ ਬੰਨ੍ਹ ਦਿੱਤੀਆਂ ਗਈਆਂ ਹਨ।