ਜਗਰਾਉਂ (ਚਰਨਜੀਤ ਸਿੰਘ ਢਿੱਲੋਂ):
ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸੱਦੇ ’ਤੇ ਹਲਕੇ ਦੇ ਪਿੰਡ ਰਸੂਲਪੁਰ’ਚ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਪੇਂਡੂ ਮਜ਼ਦੂਰ ਯੂਨੀਅਨ ਅਤੇ ਹੋਰ ਹਮ-ਖਿਆਲੀ ਜਥੇਬੰਦੀਆਂ ਦੇ ਕਾਰਕੁਨਾਂ ਅਤੇ ਛੋਟੇ ਦਰਮਿਆਨੇ ਵਪਾਰੀਆਂ ਨੇ ਸਾਂਝੇ ਤੌਰ ’ਤੇ ਦਸਹਿਰੇ ਨੂੰ ਮੁੱਖ ਰੱਖਦਿਆਂ ਰਾਵਣ ਦੀ ਥਾਂ ਮੋਦੀ ਦਾ ਪੁਤਲਾ ਫੂਕ ਕੇ ਰੋਸ ਜ਼ਾਹਿਰ ਕੀਤਾ। ਹਾਜ਼ਰ ਆਗੂਆਂ ਹਰਦੇਵ ਮੋਰ, ਅਵਤਾਰ ਰਸੂਲਪੁਰ, ਗੁਰਚਰਨ ਸਿੰਘ ਨੇ ਪੁਤਲਾ ਫੂਕਣ ਤੋਂ ਪਹਿਲਾਂ ਮੋਦੀ ਦੀ ਕਾਰਪੋਰੇਟ ਘਰਾਣਿਆਂ ਨਾਲ ਸਾਂਝ-ਭਿਆਲੀ ਦਾ ਜ਼ਿਕਰ ਕਰਦਿਆਂ ਦੇਸ਼ ਨੂੰ ਉਨ੍ਹਾਂ ਕੋਲ ਗਹਿਣੇ ਰੱਖਣ ਦੀ ਗੱਲ ਆਖੀ। ਇਸੇ ਤਰਜ਼ ’ਤੇ ਰੇਲਵੇ ਸਟੇਸ਼ਨ ਜਗਰਾਉਂ, ਟੌਲ ਪਲਾਜ਼ਾ ਚੌਕੀਮਾਨ ਵਿੱਚ ਵੀ ਖੇਤੀ ਕਾਨੂੰਨ, ਬਿਜਲੀ ਐਕਟ ਰੱਦ ਕਰਨ ਦੀ ਮੰਗ ਉਠਾਈ ਗਈ ਅਤੇ ਮੋਦੀ ਦੇ ਪੁਤਲੇ ਫੂਕ ਕੇ ਗੁੱਸੇ ਦਾ ਇਜ਼ਹਾਰ ਕੀਤਾ।