ਜੈਪੁਰ, 21 ਨਵੰਬਰ
ਰਾਜਸਥਾਨ ਵਿੱਚ ਸੱਤਾਧਾਰੀ ਕਾਂਗਰਸ ਦੇ 15 ਵਿਧਾਇਕਾਂ ਨੇ ਅੱਜ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਰਾਜਪਾਲ ਕਲਰਾਜ ਮਿਸ਼ਰਾ ਨੇ ਰਾਜ ਭਵਨ ਵਿੱਚ ਹੋਏ ਸਹੁੰ ਚੁੱਕ ਸਮਾਗਮ ਵਿੱਚ ਇਨ੍ਹਾਂ ਵਿਧਾਇਕਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਨ੍ਹਾਂ ਵਿੱਚੋਂ 11 ਵਿਧਾਇਕਾਂ ਨੇ ਕੈਬਨਿਟ ਤੇ ਚਾਰ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਇਸ ਦੇ ਨਾਲ ਹੀ ਰਾਜ ਦੇ ਅਸ਼ੋਕ ਗਹਿਲੋਤ ਮੰਤਰੀ ਮੰਡਲ ਵਿੱਚ ਬਹੁਤ ਚਿਰਾਂ ਤੋਂ ਉਡੀਕਿਆ ਜਾ ਰਿਹਾ ਫੇਰਬਦਲ ਪੂਰਾ ਹੋ ਗਿਆ। ਸੂਬੇ ਦੀ ਕਾਂਗਰਸ ਸਰਕਾਰ ਅਗਲੇ ਮਹੀਨੇ ਆਪਣੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਕਰ ਰਹੀ ਹੈ ਅਤੇ ਮੰਤਰੀ ਮੰਡਲ ਵਿੱਚ ਇਹ ਪਹਿਲਾ ਫੇਰਬਦਲ ਹੈ ਜਿਸ ਨੂੰ ਪਾਰਟੀ ਹਾਈਕਮਾਂਡ ਵੱਲੋਂ ਖੇਤਰੀ ਅਤੇ ਜਾਤ-ਪਾਤ ਵਿੱਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਨਾਲ ਹੀ ਸਚਿਨ ਪਾਇਲਟ ਕੈਂਪ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਹੈ।