ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 19 ਦਸੰਬਰ
ਥਾਣਾ ਮੇਹਰਬਾਨ ਦੇ ਪਿੰਡ ਚੂਹੜਵਾਲ ਵਿੱਚ ਅੱਜ ਤੜਕੇ ਇਕ 70 ਸਾਲਾ ਬਜ਼ੁਰਗ ਔਰਤ ਨੂੰ ਗੁਆਂਢੀ ਨੇ ਚਾਕੂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਸਵਰਨ ਕੌਰ ਸਵੇਰੇ ਤੜਕੇ ਗੁਰਦੁਆਰਾ ਸਾਹਿਬ ਜਾ ਰਹੀ ਸੀ ਤਾਂ ਗੁਆਂਢੀ ਜਸਪਾਲ ਸਿੰਘ (45) ਨੇ ਚਾਕੂਆਂ ਨਾਲ ਉਸ ’ਤੇ ਕਈ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਕਿਉਂਕਿ ਮੁਲਜ਼ਮ ਨੂੰ ਸ਼ੱਕ ਸੀ ਕਿ ਮ੍ਰਿਤਕ ਔਰਤ ਜਾਦੂ ਟੂਣੇ ਦਾ ਕੰਮ ਕਰਦੀ ਹੈ। ਇਸ ਦੌਰਾਨ ਐੱਸਐੱਚਓ ਥਾਣਾ ਮੇਹਰਬਾਨ ਇੰਸਪੈਕਟਰ ਲਵਦੀਪ ਸਿੰਘ ਨੇ ਦੱਸਿਆ ਹੈ ਕਿ ਇਹ ਘਟਨਾ ਸਵੇਰੇ 6.30 ਵਜੇ ਦੇ ਕਰੀਬ ਵਾਪਰੀ, ਜਦੋਂ ਔਰਤ ਗੁਰਦੁਆਰਾ ਸਾਹਿਬ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਜਸਪਾਲ ਸਿੰਘ ਨੇ ਔਰਤ ਨੂੰ ਅਜਿਹੀਆਂ ਗ਼ੈਰ ਕੁਦਰਤੀ ਕਾਰਵਾਈਆਂ ਤੋਂ ਬਾਜ਼ ਆਉਣ ਲਈ ਕਹਿੰਦਿਆਂ ਨਾ ਰੁਕਣ ਦੀ ਸੂਰਤ ਵਿੱਚ ਉਸ ਨੂੰ ਮਾਰ ਦੇਣ ਦੀ ਧਮਕੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਜਸਪਾਲ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
ਇਸ ਦੌਰਾਨ ਪਿੰਡ ਦੇ ਕੁੱਝ ਲੋਕਾਂ ਨੇ ਦੱਸਿਆ ਹੈ ਕਿ ਮ੍ਰਿਤਕ ਸਵਰਨ ਕੌਰ ਦਾ ਇਨ੍ਹਾਂ ਕਾਰਵਾਈਆਂ ਨਾਲ ਕੋਈ ਸਬੰਧ ਨਹੀਂ ਸੀ ਕਿਉਂਕਿ ਉਹ ਇਕ ਧਾਰਮਿਕ ਵਿਚਾਰਾਂ ਵਾਲੀ ਸ਼ਰਧਾਵਾਨ ਔਰਤ ਸੀ।