ਸਤਵਿੰਦਰ ਬਸਰਾ
ਲੁਧਿਆਣਾ, 16 ਜਨਵਰੀ
ਸਨਅਤੀ ਸ਼ਹਿਰ ਦੀ ਧੁੰਨੀ ਵਿੱਚੋਂ ਲੰਘ ਕੇ ਸਤਲੁਜ ਵਿੱਚ ਜਾ ਕੇ ਮਿਲਦਾ ਬੁੱਢੇ ਨਾਲੇ ਦਾ ਪ੍ਰਦੂਸ਼ਿਤ ਪਾਣੀ ਲੋਕਾਂ ਨੂੰ ਭਿਆਨਕ ਬਿਮਾਰੀਆਂ ਵੰਡਦਾ ਜਾ ਰਿਹਾ ਹੈ। ਕਈ ਥਾਵਾਂ ’ਤੇ ਅਜੇ ਵੀ ਬਿਨਾਂ ਸੋਧਿਆ ਸੀਵਰੇਜ ਦਾ ਪਾਣੀ, ਡੇਅਰੀਆਂ ਦੀ ਗੰਦਗੀ ਆਦਿ ਇਸ ਵਿੱਚ ਸੁੱਟੀ ਜਾ ਰਹੀ ਹੈ। ਬੁੱਢੇ ਨਾਲੇ ਦੇ ਪ੍ਰਦੂਸ਼ਿਤ ਪਾਣੀ ਨੂੰ ਸਾਫ਼ ਕਰਨ ਲਈ ਸਮੇਂ-ਸਮੇਂ ਸ਼ੁਰੂ ਕੀਤੇ ਪ੍ਰਾਜੈਕਟ ਵੀ ਅਜੇ ਤੱਕ ਸਿਸਕੀਆਂ ਹੀ ਲੈ ਰਹੇ ਹਨ। ਇਸ ਮੁੱਦੇ ਨੂੰ ਸਿਆਸੀ ਪਾਰਟੀਆਂ ਦੇ ਚੋਣ ਮਨੋਰਥ ਪੱਤਰਾਂ ਵਿੱਚ ਸ਼ਾਮਲ ਕਰਵਾਉਣ ਲਈ ਪੰਜਾਬ ਵਾਤਾਵਰਨ ਚੇਤਨਾ ਲਹਿਰ ਜੱਥੇਬੰਦੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ।
ਕਦੇ ਸਾਫ਼ ਪਾਣੀ ਕਰ ਕੇ ਬੁੱਢਾ ਦਰਿਆ ਕਹਾਉਂਦਾ ਸੀ ਅੱਜ ਦਾ ਪ੍ਰਦੂਸ਼ਿਤ ਹੋ ਚੁੱਕਾ ਬੁੱਢਾ ਨਾਲਾ। ਇਸ ਨੂੰ ਮੁੜ ਸੁਰਜੀਤ ਕਰਨ ਲਈ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਕਈ ਪ੍ਰਾਜੈਕਟ ਵੀ ਸ਼ੁਰੂ ਕੀਤੇ ਜੋ ਨਾ-ਕਾਫੀ ਲੱਗ ਰਹੇ ਹਨ। ਵਾਤਾਵਰਨ ਪ੍ਰੇਮੀ ਇੰਜਨੀਅਰ ਜਸਕੀਰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਦੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਪ੍ਰਤੀ ਰਾਜਨੀਤਿਕ ਲੋਕਾਂ ਦਾ ਧਿਆਨ ਖਿੱਚਣ ਲਈ ਗਈ ਸਮਾਗਮ ਕਰਵਾਏ ਪਰ ਅਫਸੋਸ ਆਗੂਆਂ ਨੇ ਬਹੁਤੀ ਦਿਲਚਸਪੀ ਨਹੀਂ ਦਿਖਾਈ। ਹੁਣ ਹੋਰ ਸੰਸਥਾਵਾਂ ਨਾਲ ਮਿਲ ਕੇ ਵਾਤਾਵਰਨ ਦੇ ਮੁੱਦੇ ਨੂੰ ਸਿਆਸੀ ਪਾਰਟੀਆਂ ਦੇ ਚੋਣ ਮਨੋਰਥ ਪੱਤਰਾਂ ਵਿੱਚ ਸ਼ਾਮਲ ਕਰਵਾਉਣ ਲਈ ਕੋਸ਼ਿਸ਼ਾਂ ਚੱਲ ਰਹੀਆਂ ਹਨ। ਨਰੋਆ ਮੰਚ ਅਤੇ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਚੰਦਬਾਜ਼ਾ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਬੋਰਡ ਵੱਲੋਂ ਨਵੰਬਰ 2021 ਵਿੱਚ ਕੀਤੀ ਚੈਕਿੰਗ ਦੌਰਾਨ ਬੁੱਢੇ ਨਾਲੇ ਦੇ ਪਾਣੀ ਵਿੱਚ ਬੀਓਡੀ ਦਾ ਪੱਧਰ 1750 ਪਾਇਆ ਗਿਆ ਜੋ ਸਾਫ਼ ਪਾਣੀ ਵਿੱਚ ਕੇਵਲ 10 ਹੁੰਦਾ ਹੈ, ਇਸੇ ਤਰ੍ਹਾਂ ਸੀਓਡੀ ਦਾ ਪੱਧਰ 5680 ਪਾਇਆ ਗਿਆ ਜੋ ਕਿ ਸਾਫ਼ ਪਾਣੀ ਲਈ ਕੇਵਲ 50 ਹੀ ਮਿੱਥਿਆ ਗਿਆ ਹੈ। ਬੁੱਢੇ ਨਾਲੇ ਦਾ ਇਹੋ ਪ੍ਰਦੂਸ਼ਿਤ ਪਾਣੀ ਮਾਲਵਾ ਖਿੱਤੇ ਅਤੇ ਰਾਜਸਥਾਨ ਵਿੱਚ ਪੀਣ ਲਈ ਵੀ ਵਰਤਿਆ ਜਾਂਦਾ ਹੈ ਜੋ ਭਿਆਨਕ ਬਿਮਾਰੀਆਂ ਦਾ ਕਾਰਨ ਬਣਦਾ ਹੈ। ਉਨ੍ਹਾਂ ਨੇ ਬੁੱਢੇ ਨਾਲੇ ਦੇ ਪਾਣੀ ਨੂੰ ਸਾਫ ਕਰਨ ਲਈ ਸ਼ੁਰੂ ਕੀਤੇ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਦੀ ਮੰਗ ਕੀਤੀ ਹੈ।