ਜੋਗਿੰਦਰ ਸਿੰਘ ਮਾਨ
ਮਾਨਸਾ, 13 ਫਰਵਰੀ
ਮਾਨਸਾ ਵਿਧਾਨ ਸਭਾ ਹਲਕੇ ਦੀ ਚੁੱਪ ਕਾਂਗਰਸੀ ਵੋਟ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਤਵਾਜਨ ਵਿਗਾੜ ਸਕਦੀ ਹੈ। ਭਾਵੇਂ ਇਸ ਹਲਕੇ ਦੇ ਬਹੁਤੇ ਵੱਡੇ ਕਾਂਗਰਸੀ ਆਗੂਆਂ ਨੂੰ ਸਿੱਧੂ ਮੂਸੇਵਾਲਾ ਆਪਣੇ ਨਾਲ ਤੋਰਨ ਵਿੱਚ ਸਫ਼ਲ ਹੋ ਗਿਆ ਹੈ, ਪਰ ਅੰਦਰੋ-ਅੰਦਰੀ ਕਾਂਗਰਸੀਆਂ ਦੀ ਨਰਾਜ਼ਗੀ ਉਸ ਲਈ ਵੱਡੀ ਮੁਸੀਬਤ ਖੜ੍ਹੀ ਕਰ ਸਕਦੀ ਹੈ। ਕਾਂਗਰਸੀਆਂ ਦੇ ਆਪਸੀ ਕਾਟੋ-ਕਲੈਸ਼ ਨੇ ਹੀ ਇਸ ਪੰਜਾਬੀ ਗਾਇਕ ਦੀ ਹੇਕ ਨੂੰ ਵਿਗਾੜਿਆ ਹੋਇਆ ਹੈ।
ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਸਾਰੀ ਤਾਕਤ ਝੋਕਣ ਤੋਂ ਬਾਅਦ ਭਾਵੇਂ ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦਾ ਪ੍ਰਧਾਨ ਮੰਗਤ ਰਾਏ ਬਾਂਸਲ ਨੂੰ ਬਦਲ ਕੇ ਉਸਦੀ ਥਾਂ ਅਰਸ਼ਦੀਪ ਸਿੰਘ ਗਾਗੋਵਾਲ ਨੂੰ ਲਾਇਆ ਗਿਆ ਹੈ, ਪਰ ਇਸ ਦੇ ਬਾਵਜੂਦ ਕਾਂਗਰਸ ਦੀਆਂ ਰੈਲੀਆਂ ਉਹ ਰੌਣਕ ਵਿਖਾਈ ਨਹੀਂ ਦੇ ਰਹੀ ਹੈ, ਹਾਲਾਂਕਿ ਉਸ ਨੂੰ ਸੁਣਨ ਅਤੇ ਵੇਖਣ ਵਾਲਿਆਂ ਦੀ ਲੰਬੀ-ਚੌੜੀ ਭੀੜ ਇਕੱਠੀ ਹੋ ਜਾਂਦੀ ਹੈ। ਹੁਣ ਜਦੋਂ ਵੋਟਾਂ ਵਿੱਚ ਇੱਕ ਹਫ਼ਤਾ ਰਹਿ ਗਿਆ ਹੈ ਤਾਂ ਹਲਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਤੋਂ ਇਲਾਵਾ ਯੂਥ ਕਾਂਗਰਸ ਦੇ ਪ੍ਰਧਾਨ ਚੁਸਪਿੰਦਰਬੀਰ ਸਿੰਘ ਚਾਹਲ ਸਮੇਤ ਕਈ ਟਕਸਾਲੀ ਕਾਂਗਰਸੀ ਅਜਿਹੇ ਹਨ, ਜਿਨ੍ਹਾਂ ਦੇ ਸਿੱਧੂ ਮੂਸੇਵਾਲਾ ਦੇ ਜਲਸਿਆਂ ’ਚ ਦਰਸ਼ਨ-ਦੀਦਾਰ ਨਹੀਂ ਹੋਏ, ਜਿਸ ਤੋਂ ਸਾਫ਼ ਝਲਕਦਾ ਹੈ ਕਿ ਉਨ੍ਹਾਂ ਨਾਲ ਨਰਾਜ਼ਗੀਆਂ ਦਾ ਦੌਰ ਅਜੇ ਬਰਕਰਾਰ ਹੈ। ਸਿੱਧੂ ਮੂਸੇਵਾਲਾ ਦੀਆਂ ਅਨੇਕਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਿਰਾਸ਼ ਕਾਂਗਰਸੀਆਂ ਦੀ ਨਰਾਜ਼ਗੀ ਦੂਰ ਨਹੀਂ ਹੋ ਸਕੀ, ਹਾਲਾਂਕਿ ਹਲਕੇ ਦੇ ਵੋਟਰਾਂ ਦੀ ਸਿੱਧੂ ਮੂਸੇਵਾਲਾ ਨਾਲ ਪਿੰਡਾਂ ਦਾ ਮੁੰਡਾ ਹੋਣ ਕਰਕੇ ਪਹਿਲਾਂ ਦੇ ਮੁਕਾਬਲੇ ਹਮਦਰਦੀ ਵੱਧਣ ਲੱਗੀ ਹੈ। ਸਿਆਸੀ ਮਾਹਿਰਾਂ ਅਨੁਸਾਰ ਆਮ ਆਦਮੀ ਪਾਰਟੀ ਦੀ ਚੱਲ ਰਹੀ ਹਵਾ ਕਾਰਨ ਹਰ ਜ਼ੁਬਾਨ ’ਤੇ ਝਾੜੂ ਦਾ ਨਾਮ ਹੈ। ਪਹਿਲਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਿੱਚ ਮਾਨਸਾ ਹਲਕੇ ਤੋਂ ਟੱਕਰ ਮੰਨੀ ਜਾ ਰਹੀ ਸੀ, ਪਰ ਹੁਣ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਵਿੱਚ ਟੱਕਰ ਬਣਦੀ ਦਿਸ ਰਹੀ ਹੈ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਈ ਵਾਰ ਸਭਾਵਾਂ ਕਰਕੇ ਨਿਰਾਸ਼ ਕਾਂਗਰਸੀਆਂ ਨੂੰ ਸਿੱਧੂ ਮੂਸੇਵਾਲਾ ਨਾਲ ਤੋਰਨ ਦੀ ਕੋਸ਼ਿਸ਼ ਕੀਤੀ।